ਸੁਲਤਾਨਪੁਰ ਲੋਧੀ, 24 ਸਤੰਬਰ (ਨਰੇਸ਼ ਹੈਪੀ)-ਸ਼੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਵਿਚ ਬਾਬਾ ਫ਼ਰੀਦ ਜੀ ਦੇ ਆਗਮਨ ਪੂਰਬ ਅਤੇ ਵਿਸ਼ਵ ਪੰਜਾਬੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਐਕਟੀਵਿਟੀ ਵਿਚ ਹਿੱਸਾ ਲਿਆ | ਜਿਸ ਵਿਚ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਵਿਚ ਬਾਬਾ ਫ਼ਰੀਦ ਜੀ ਦੇ ਜੀਵਨ ਅਤੇ ਬਾਣੀ ਨਾਲ ਸੰਬੰਧਿਤ ਤੁੱਕਾਂ ਦਾ ਉਚਾਰਨ, ਪੋਸਟਰ ਮੇਕਿੰਗ, ਸਲੋਗਨ ਲਿਖਤ ਦੇ ਰਾਹੀਂ ਬਾਬਾ ਫ਼ਰੀਦ ਜੀ ਦੇ ਪੰਜਾਬੀ ਭਾਸ਼ਾ ਨੂੰ ਦਿੱਤੇ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ | ਇਸ ਤੋਂ ਇਲਾਵਾ ਬੱਚਿਆਂ ਦਰਮਿਆਨ ਸੁੰਦਰ ਪੰਜਾਬੀ ਲੇਖਣ ਮੁਕਾਬਲੇ ਵੀ ਕਰਵਾਏ ਗਏ | ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ | ਉਨ੍ਹਾਂ ਨੇ ਆਪਣੀ ਬਹੁਤੀ ਬਾਣੀ, ਸਲੋਕ, ਕਵਿਤਾਵਾਂ ਪੰਜਾਬੀ ਭਾਸ਼ਾ ਦੇ ਵਿਚ ਹੀ ਉਚਾਰਨ ਕੀਤੀਆਂ | ਉਨ੍ਹਾਂ ਦੁਆਰਾ ਆਪਣੀਆਂ ਸਾਹਿਤਕ ਰਚਨਾਵਾਂ ਦੇ ਉਚਾਰਨ ਲਈ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰਨਾ ਆਉਣ ਵਾਲੇ ਪੰਜਾਬੀ ਲੇਖਕਾਂ ਅਤੇ ਪੀੜ੍ਹੀ ਦੇ ਲਈ ਪ੍ਰੇਰਣਾਦਾਇਕ ਹਨ | ਇਸ ਤੋਂ ਇਲਾਵਾ ਸਕੂਲ ਦੀ ਸਮੂਹ ਮੈਨੇਜਮੈਂਟ ਦੁਆਰਾ ਬਾਬਾ ਫ਼ਰੀਦ ਜੀ ਦੇ ਆਗਮਨ ਪੂਰਬ ਦੀ ਵਧਾਈ ਦਿੱਤੀ ਗਈ ਅਤੇ ਪੰਜਾਬੀ ਭਾਸ਼ਾ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦਾ ਸੁਨੇਹਾ ਦਿੱਤਾ |