ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਜੇ.ਸੀ.ਟੀ ਮਿੱਲ ਦੇ ਵਰਕਰਾਂ ਵਲੋਂ ਅੱਜ ਮਿੱਲ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਚਿਨ ਕੁਮਾਰ, ਸ਼ਾਰਦਾ ਨੰਦ ਸਿੰਘ, ਅਮਿਤ, ਸਤਨਰਾਇਣ ਸਿੰਘ, ਰਜਿੰਦਰ ਵਰਮਾ, ਸੰਜੈ ਜੈਨ ਤੇ ਹੋਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਲਾਈਟ ਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਉਹ ਨਰਕ ਦੀ ਜ਼ਿੰਦਗੀ ਭੋਗਣ ਲਈ ਮਜਬੂਰ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਨ ਨੂੰ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਉਹ ਮਿੱਲ ਪ੍ਰਬੰਧਕਾਂ ਤੇ ਪ੍ਰਸ਼ਾਸਨ ਪਾਸ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਸਖ਼ਤ ਪ੍ਰੇਸ਼ਾਨ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਜ਼ਰੂਰੀ ਸਪਲਾਈ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਮਿੱਲ ਵੱਲ ਉਨ੍ਹਾਂ ਦੇ ਫ਼ੰਡ ਬਕਾਇਆ ਹਨ ਤੇ ਨਾ ਹੀ ਉਹ ਫ਼ੰਡ ਉਨ੍ਹਾਂ ਨੂੰ ਮਿਲ ਰਹੇ ਹਨ | ਇਸ ਮੌਕੇ ਮਿੱਲ ਪ੍ਰਬੰਧਕਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਜਲਦ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ |