ਫਗਵਾੜਾ, 25 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਹਲਕੇ ਵਿਖੇ ਹਰੇਕ ਸਾਲ ਦੀ ਤਰ੍ਹਾਂ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਤੋਂ ਇਲਾਵਾ ਜਸ਼ਨਜੀਤ ਸਿੰਘ ਐਸ.ਡੀ.ਐਮ. ਫਗਵਾੜਾ, ਡੀ.ਐਸ.ਪੀ. ਭਾਰਤ ਭੂਸ਼ਣ ਅਤੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਅਨੀਸ਼ ਬੰਸਲ ਉਚੇਰੇ ਤੌਰ ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਜੋਗਿੰਦਰ ਸਿੰਘ ਮਾਨ ਨੇ ਵੱਖ-ਵੱਖ ਭਗਵਾਨ ਵਾਲਮੀਕਿ ਮੰਦਿਰ ਕਮੇਟੀਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਜਿੱਥੇ ਨਿਗਮ ਪ੍ਰਸ਼ਾਸਨ ਨੂੰ ਸ਼ੋਭਾ ਯਾਤਰਾ ਦੇ ਸਾਰੇ ਰਸਤੇ ਦੀ ਮੁਰੰਮਤ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ, ਉੱਥੇ ਹੀ ਡੀ.ਐਸ.ਪੀ. ਭਾਰਤ ਭੂਸ਼ਣ ਤੋਂ ਮੰਗ ਕੀਤੀ ਕਿ ਸ਼ੋਭਾ ਯਾਤਰਾ ਦੇ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ। ਇਸ ਮੌਕੇ ਧਰਮਵੀਰ ਸੇਠੀ, ਕ੍ਰਿਸ਼ਨ ਕੁਮਾਰ ਹੀਰੋ, ਨਰਿੰਦਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ, ਗੁਰਦੀਪ ਸਿੰਘ ਦੀਪਾ, ਕੌਂਸਲਰ ਰਵੀ ਸਿੱਧੂ, ਅੰਕੁਸ਼ ਓਹਰੀ, ਮਹਿੰਦਰ ਥਾਪਰ, ਐਸ.ਐਚ.ਓ ਸਿਟੀ ਊਸ਼ਾ ਰਾਣੀ, ਅਮਨਦੀਪ ਕੁਮਾਰ ਇੰਚਾਰਜ ਟਰੈਫ਼ਿਕ ਪੁਲਿਸ ਫਗਵਾੜਾ, ਹਰਦੀਪ ਸਿੰਘ ਐਸ.ਐਚ.ਓ. ਸਤਨਾਮਪੁਰਾ ਆਦਿ ਹਾਜ਼ਰ ਸਨ।
ਜੋਗਿੰਦਰ ਮਾਨ ਨੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਦੇ ਪ੍ਰਬੰਧਾਂ ਬਾਰੇ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ
ਅਜੀਤ ਡੈਸਕ
26-09-2025