ਢਿਲਵਾਂ, 27 ਸਤੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਰੇਲਵੇ ਪੁਲਿਸ ਢਿਲਵਾਂ ਨੇ ਲੰਘੀ ਰਾਤ ਕਿੱਲੋਮੀਟਰ ਨੰਬਰ 457-15/17 ਨਜ਼ਦੀਕ ਹਮੀਰਾ ਤੋਂ ਢਿਲਵਾਂ ਸਾਈਡ ਨਜ਼ਦੀਕ ਰੇਲਵੇ ਫਾਟਕ ਰਮੀਦੀ ਦੀਆ ਰੇਲਵੇ ਲਾਈਨਾਂ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਢਿਲਵਾਂ, ਕਰਤਾਰਪੁਰ ਦੇ ਇੰਚਾਰਜ ਏ.ਐੱਸ.ਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਦੇਰ ਰਾਤ ਸਟੇਸ਼ਨ ਮਾਸਟਰ ਢਿਲਵਾਂ ਰਾਹੀਂ ਸੂਚਨਾ ਮਿਲੀ ਕਿ ਉਕਤ ਸਥਾਨ ਨਜ਼ਦੀਕ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ਚ ਲਿਆ ਹੈ | ਉਨ੍ਹਾਂ ਦੱਸਿਆ ਕਿ ਰੇਲ ਗੱਡੀ ਦੀ ਚਪੇਟ ਵਿਚ ਆਉਣ ਕਰਕੇ ਲਾਸ਼ ਬੁਰੀ ਤਰਾਂ ਨਾਲ ਕੁਚਲੀ ਗਈ ਹੈ ਤੇ ਮਿ੍ਤਕ ਦਾ ਚਿਹਰਾ ਵੀ ਪਛਾਣ ਯੋਗ ਨਹੀਂ ਰਿਹਾ | ਉਨ੍ਹਾਂ ਦੱਸਿਆ ਕਿ ਦੇਖਣ ਤੋਂ ਉਸਦੀ ਉਮਰ ਕਰੀਬ 30 ਤੋਂ 35 ਸਾਲ ਲੱਗਦੀ ਹੈ ਤੇ ਉਸ ਪਾਸੋਂ ਕੋਈ ਵੀ ਸ਼ਨਾਖ਼ਤੀ ਪੱਤਰ ਬਰਾਮਦ ਨਹੀਂ ਹੋਇਆ | ਇਸ ਸਬੰਧੀ ਰੇਲਵੇ ਪੁਲਿਸ ਢਿਲਵਾਂ ਵਲੋਂ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਰ ਵਿਖੇ ਰੱਖਿਆ ਗਿਆ ਹੈ |