ਨਡਾਲਾ, 27 ਸਤੰਬਰ (ਰਘਬਿੰਦਰ ਸਿੰਘ)-ਏਡੀਸੀ ਕਪੂਰਥਲਾ ਨਵਨੀਤ ਕੌਰ ਬੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸਰੀਚਾ ਅਤੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਬਿਲਗਾ ਦੇ ਉਪਰਾਲਾ ਸਦਕਾ ਭੁਪਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਵਿਚ ਸਵੱਛ ਭਾਰਤ ਅਭਿਆਨ ਤਹਿਤ ਚੱਲ ਰਹੀ ਮੁਹਿੰਮ 'ਸਵੱਛਤਾ ਹੀ ਸੇਵਾ' ਦੇ ਤਹਿਤ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਅਤੇ ਮੇਨ ਬਾਜ਼ਾਰ ਨਡਾਲਾ ਵਿਖੇ ਸਵੱਛਤਾ ਸਬੰਧੀ ਜਾਗਰੂਕ ਕੀਤਾ ਗਿਆ | ਉਕਤ ਅਭਿਆਨ ਤਹਿਤ ਕਾਲਜ ਦੇ ਵਿਦਿਆਰਥੀਆਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਸਵੱਛਤਾ ਸਹੁੰ ਚੁਕਾਈ ਗਈ | ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਘਰ ਅਤੇ ਆਲ਼ੇ ਦੁਆਲ਼ੇ ਨੂੰ ਸਾਫ਼ ਅਤੇ ਸਵੱਛ ਬਣਾ ਕੇ ਰੱਖਣ | ਇਸ ਮੌਕੇ ਸਭ ਨੂੰ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਦੇ ਸਮਾਨ ਨੂੰ ਨਾ ਵਰਤਣ, ਸ਼ਹਿਰ ਵਿਚ ਸਫ਼ਾਈ ਰੱਖਣ ਅਤੇ ਗੰਦਗੀ ਨਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ | ਸਭ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਰੱਖਣ ਅਤੇ ਕੇਵਲ ਸਫ਼ਾਈ ਕਰਮੀਆਂ ਨੂੰ ਹੀ ਕੂੜਾ ਦੇਣ ਲਈ ਕਿਹਾ ਗਿਆ | ਇਸ ਮੁਹਿੰਮ ਦਾ ਆਯੋਜਨ ਕਰਨ ਵਿਚ ਕਾਲਜ ਦੇ ਪਿ੍ੰਸੀਪਲ ਜਗਬੀਰ ਸਿੰਘ ਭੁੱਲਰ ਸਮੂਹ ਸਟਾਫ਼ ਅਤੇ ਮਾਰਕੀਟ ਦੇ ਦੁਕਾਨਦਾਰਾਂ ਦਾ ਵਡਮੁੱਲਾ ਯੋਗਦਾਨ ਰਿਹਾ | ਇਸ ਮੌਕੇ ਆਈ ਈ ਸੀ ਐਕਸਪਰਟ ਮਿਸ ਆਂਚਲ, ਸੀ.ਐਫ. ਮਨੋਜ ਕੁਮਾਰ ਅਤੇ ਕਲਰਕ ਗੁਰਜੀਤ ਕੌਰ, ਵਿਕਾਸ ਸ਼ਰਮਾ, ਮੋਟਿਵੇਟਰ ਹੈਪੀ ਤੋਂ ਇਲਾਵਾ ਮਨਜਿੰਦਰ ਸਿੰਘ ਲਾਡੀ, ਸੰਦੀਪ ਕੁਮਾਰ ਲਬ ਵਾਲੇ, ਜਸਵਿੰਦਰ ਪੋਪੀ, ਅਵਿਨਾਸ਼ ਕੁਮਾਰ ਬਿੱਟਾ ਅਤੇ ਹੋਰ ਹਾਜ਼ਰ ਸਨ |