ਫਗਵਾੜਾ, 27 ਸਤੰਬਰ (ਚਾਨਾ)- ਇੱਥੇ ਜੀ.ਟੀ. ਰੋਡ 'ਤੇ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਹਾਂਡਾ ਰੈਜੀਡੈਂਸ਼ੀਅਲ ਸੁਸਾਇਟੀ ਦੇ ਫਲੈਟ ਮਾਲਕਾਂ ਨੇ ਅੱਜ ਨਿਗਮ ਤੇ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੁਸਾਇਟੀ ਨੂੰ ਰੈਗੂਲਰ ਕਰਕੇ ਫਲੈਟ ਮਾਲਕਾਂ ਨੂੰ ਰਾਹਤ ਦਿੱਤੀ ਜਾਵੇ, ਕਿਉਂਕਿ ਗੈਰ ਕਾਨੂੰਨੀ ਉਸਾਰੀ ਦੇ ਚੱਲਦਿਆਂ ਐਨ.ਓ.ਸੀ. ਨਹੀਂ ਮਿਲ ਰਹੀ ਤੇ ਐਨ.ਆਰ.ਆਈ. ਫਲੈਟ ਮਾਲਕ ਵੀ ਪਰੇਸ਼ਾਨ ਹੋ ਰਹੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਫਲੈਟ ਮਾਲਕ ਮੁਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਵਲੋਂ ਸਪਸ਼ਟ ਕਿਹਾ ਗਿਆ ਹੈ ਕਿ ਉਕਤ ਰਿਹਾਇਸ਼ੀ ਕਾਲੋਨੀ ਦਾ ਨਕਸ਼ਾ ਨਿਗਮ ਦੇ ਰਿਕਾਰਡ 'ਚ ਮੌਜੂਦ ਨਹੀਂ ਹੈ | ਜਿਸ ਤੋਂ ਸਾਫ਼ ਹੈ ਕਿ ਇਹ ਸੁਸਾਇਟੀ ਗੈਰ ਕਾਨੂੰਨੀ ਢੰਗ ਨਾਲ ਉਸਾਰੀ ਗਈ ਹੈ ਤੇ ਫਲੈਟਾਂ ਦੇ ਖ਼ਰੀਦਦਾਰਾਂ ਨੂੰ ਝੂਠ ਬੋਲ ਕੇ ਫਲੈਟ ਵੇਚੇ ਗਏ ਹਨ | ਲੇਕਿਨ ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਸਬੰਧਿਤ ਵਿਭਾਗ ਗੈਰ ਕਾਨੂੰਨੀ ਉਸਾਰੀ ਕਰਨ ਵਾਲੇ ਬਿਲਡਰਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਨਾ ਹੀ ਸੁਸਾਇਟੀ ਨੂੰ ਰੈਗੂਲਰ ਕਰਕੇ ਫਲੈਟ ਮਾਲਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ | ਜੇਕਰ ਕੋਈ ਫਲੈਟ ਮਾਲਕ ਆਰਥਿਕ ਜ਼ਰੂਰਤਾਂ ਕਾਰਨ ਆਪਣਾ ਫਲੈਟ ਵੇਚਣਾ ਚਾਹੇ ਤਾਂ ਉਹ ਫਲੈਟ ਵੇਚ ਨਹੀਂ ਸਕਦਾ ਕਿਉਂਕਿ ਨਿਗਮ ਵਲੋਂ ਐਨ.ਓ.ਸੀ. ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਇਸ ਬਾਰੇ ਲੋਕਲ ਬਾਡੀ ਮੰਤਰੀ ਤੋਂ ਇਲਾਵਾ ਨਿਗਮ ਨੂੰ ਕਈ ਵਾਰ ਲਿਖਿਤ ਸ਼ਿਕਾਇਤਾਂ ਦਿੱਤੀਆਂ ਗਈਆਂ ਤੇ ਆਰ.ਟੀ.ਆਈ. ਰਾਹੀਂ ਵੀ ਰਿਕਾਰਡ ਮੰਗਿਆ ਗਿਆ ਪਰ ਸਿਰਫ ਟਾਲਮਟੋਲ ਤੋਂ ਇਲਾਵਾ ਕੁੱਝ ਵੀ ਪੱਲੇ ਨਹੀਂ ਪਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਬਿਲਡਰਾਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ |