ਸੁਲਤਾਨਪੁਰ ਲੋਧੀ, 18 ਅਕਤੂਬਰ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਮੰਗ ਕੀਤੀ ਹੈ ਕਿ ਪਟਾਕਿਆਂ 'ਤੇ ਪੂਰਨ ਪਾਬੰਦੀ ਲੱਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਟਾਕੇ ਸਾਡੀ ਦੀਵਾਲੀ ਦਾ ਹਿੱਸਾ ਨਹੀਂ | ਇੱਥੋਂ ਜਾਰੀ ਕੀਤੇ ਗਏ ਪੈੱ੍ਰਸ ਬਿਆਨ ਵਿਚ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਬੇਹੱਦ ਦਰਜੇ ਤੱਕ ਖ਼ਰਾਬ ਹੋ ਚੁੱਕਾ ਹੈ | ਸ਼ਹਿਰਾਂ ਦੀ ਆਬੋ ਹਵਾ ਸਾਹ ਲੈਣ ਯੋਗ ਨਹੀਂ ਰਹੀ | ਗੁਰੂਆਂ ਪੀਰਾਂ ਦੇ ਨਾਂਅ 'ਤੇ ਵੱਸਦੇ ਪੰਜਾਬ ਵਿਚੋਂ ਹੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਵੇਈਾ ਕਿਨਾਰੇ ਤੋਂ ਹਵਾ, ਪਾਣੀ ਤੇ ਧਰਤੀ ਨੂੰ ਸਤਿਕਾਰ ਦੇਣ ਦੇ ਵਚਨ ਕੀਤੇ ਸਨ | ਇਸ ਲਈ ਸਾਰੇ ਸੰਸਾਰ ਨੂੰ ਤਾਂ ਇਸ ਧਰਤੀ ਤੋਂ ਸੇਧ ਦਿੱਤੀ ਜਾਣੀ ਚਾਹੀਦੀ ਸੀ | ਇਸ ਤਿਉਹਾਰ 'ਤੇ ਪਟਾਕੇ ਚਲਾ ਕੇ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਖ਼ਲਲ ਨਾ ਪਾਈਏ | ਇਸ ਤਿਉਹਾਰ ਨੂੰ ਖ਼ੁਸ਼ੀਆਂ ਦਾ ਹੀ ਤਿਉਹਾਰ ਰਹਿਣ ਦਿੱਤਾ ਜਾਵੇ | ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਆਪਣੇ ਨਾਲ 52 ਰਾਜਿਆਂ ਨੂੰ ਵੀ ਕੈਦ ਮੁਕਤ ਕਰਵਾਇਆ ਸੀ | ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ | ਉਨ੍ਹਾਂ ਦੀ ਆਮਦ ਦੀ ਖ਼ੁਸ਼ੀ ਵਿਚ ਸੰਗਤਾਂ ਨੇ ਦੇਸੀ ਘਿਓ ਦੇ ਦੀਵੇ ਬਾਲੇ ਸਨ | ਇਸੇ ਤਰ੍ਹਾਂ ਮਰਯਾਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਸ਼੍ਰੀ ਲੰਕਾ ਨੂੰ ਫ਼ਤਿਹ ਕਰਕੇ ਅਯੋਧਿਆ ਨਗਰੀ ਪਹੁੰਚੇ ਸਨ | ਉਸ ਵੇਲੇ ਵੀ ਲੋਕਾਂ ਨੇ ਦੀਪਮਾਲਾ ਕੀਤੀ ਸੀ | ਕਿਧਰੇ ਵੀ ਪਟਾਕਿਆਂ ਦੇ ਸ਼ੋਰ ਸ਼ਰਾਬੇ ਦਾ ਇਤਿਹਾਸ ਵਿਚ ਜ਼ਿਕਰ ਨਹੀਂ ਮਿਲਦਾ | ਪਟਾਕਿਆਂ ਨਾਲ ਹੋਣ ਵਾਲੇ ਹਾਦਸਿਆਂ ਦੌਰਾਨ ਕਈ ਵਾਰ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਜਾਂਦੀ ਹੈ | ਆਤਿਸ਼ਬਾਜ਼ੀ ਨਾਲ ਕਈ ਥਾਵਾਂ 'ਤੇ ਅੱਗਾਂ ਲੱਗਣ ਨਾਲ ਨੁਕਸਾਨ ਹੋ ਜਾਂਦਾ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਪਟਾਕਿਆਂ ਨੂੰ ਅੱਗ ਲਗਾਉਣੀ ਇੱਕ ਤਰ੍ਹਾਂ ਨਾਲ ਨੋਟਾਂ ਨੂੰ ਅੱਗ ਲਗਾਉਣ ਦੇ ਬਰਾਬਰ ਹੈ | ਪਟਾਕਿਆਂ ਨਾਲ ਜਿੱਥੇ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ ਉੱਥੇ ਨਾਲ ਹੀ ਆਵਾਜ਼ ਦਾ ਪ੍ਰਦੂਸ਼ਣ ਹੁੰਦਾ ਹੈ | ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਰੁੱਖ ਲਗਾਉਣ ਦੀ ਲੋੜ ਹੈ | ਪੰਜਾਬ ਵਿਚ ਤਿੰਨ ਚੌਥਾਈ ਰਕਬਾ ਜੰਗਲਾਤ ਦੇ ਹੇਠ ਆਉਣਾ ਚਾਹੀਦਾ ਹੈ | ਜਦ ਕਿ ਇਹ ਦਰ ਬਹੁਤ ਘੱਟ ਹੈ | ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਰਵਾਇਤੀ ਫ਼ਸਲੀ ਚੱਕਰ ਛੱਡ ਕੇ ਬਾਗਬਾਨੀ ਅਤੇ ਵਣ ਖੇਤੀ ਵੱਲ ਪਰਤਣ |