ਸੁਲਤਾਨਪੁਰ ਲੋਧੀ, 2 ਨਵੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜੀਆਂ ਲੱਖਾਂ ਦੀ ਗਿਣਤੀ ਸੰਗਤਾਂ ਨਾਲ ਜੋੜ ਮੇਲਾ ਸ਼ੁਰੂ ਹੋ ਗਿਆ ਹੈ | ਅੱਜ ਤੜਕਸਾਰ ਤੋਂ ਹੀ ਦੂਰ ਦੁਰਾਡੇ ਤੋਂ ਸੰਗਤਾਂ ਗੱਡੀਆਂ ਕਾਰਾਂ ਤੇ ਹੋਰ ਗੱਡੀਆਂ ਰਾਹੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਲਈ ਪੁੱਜੀਆਂ | ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵੀ ਵੱਖ-ਵੱਖ ਥਾਵਾਂ ਤੋਂ ਪੈਦਲ ਯਾਤਰਾ ਤੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇ | ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਬਾਰ ਅੰਦਰ ਤੇ ਦਰਸ਼ਨੀ ਡਿਊੜੀ ਤੋਂ ਮੁੱਖ ਰਸਤੇ ਵਿਚ ਫੁੱਲਾਂ ਨਾਲ ਸ਼ਰਧਾਲੂਆਂ ਵੱਲੋਂ ਕੀਤੀ ਮਨਮੋਹਣੀ ਸਜਾਵਟ ਦੇਖ ਕੇ ਸੰਗਤਾਂ ਨੇ ਦਰਬਾਰ ਦੇ ਬਾਹਰ ਖੂਬ ਸੈਲਫੀਆਂ ਕੀਤੀਆਂ | ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੰਦਰ ਸਜੇ ਦੀਵਾਨ ਵਿਚ ਬੇਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ, ਭਾਈ ਦਿਆਲ ਸਿੰਘ ਹਜ਼ੂਰੀ ਰਾਗੀ, ਭਾਈ ਦਿਲਬਾਗ ਸਿੰਘ ਪ੍ਰਧਾਨ ਰਾਗੀ ਸਭਾ, ਭਾਈ ਸਰਬਜੀਤ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਲਖਵੀਰ ਸਿੰਘ ਆਦਿ ਰਾਗੀ ਜਥਿਆਂ ਨੇ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁੱਖ ਲੰਗਰ ਹਾਲ ਵਿਖੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ, ਉੱਥੇ ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਸੇਵਾਦਾਰਾਂ ਵੱਲੋਂ ਬਾਬਾ ਹਰਜੀਤ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲਿਆਂ ਦੀ ਅਗਵਾਈ ਹੇਠਾਂ ਚਾਹ ਪਕੌੜੇ ਦੇ ਲੰਗਰ ਲਗਾਏ | ਇਸ ਤੋਂ ਇਲਾਵਾ ਪ੍ਰਕਾਸ਼ ਪੁਰਬ ਜੋੜ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਸੰਗਤਾਂ ਲਈ ਪ੍ਰਕਾਸ਼ ਪੁਰਬ ਜੋੜ ਮੇਲੇ ਦਾ ਪੋਸਟਰ ਜਾਰੀ ਕੀਤੀ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 3 ਨਵੰਬਰ ਨੂੰ ਦੀ ਦੇਰ ਰਾਤ ਨੂੰ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ | 4 ਨਵੰਬਰ ਦੀ ਸਵੇਰ 10 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਰਾਗੀ, ਢਾਡੀ, ਕਥਾ ਵਾਚਕ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ 6 ਨਵੰਬਰ ਦੀ ਸਵੇਰ ਤੱਕ ਗੁਰੂ ਜੱਸ ਸਰਵਣ ਕਰਵਾਉਣਗੇ | ਉਨ੍ਹਾਂ ਦੱਸਿਆ ਕਿ ਮਹਾਨ ਗੁਰਪੁਰਬ ਜੋੜ ਮੇਲੇ 'ਤੇ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣਗੇ | ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ 5 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਹੋਵੇਗੀ ਤੇ ਇਸ ਵਾਰ ਸ਼ਾਹੀ ਆਤਿਸ਼ਬਾਜ਼ੀ ਚਲਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਨਵੰਬਰ ਦੀ ਦੇਰ ਰਾਤ ਨੂੰ 1.30 ਵਜੇ ਪਾਏ ਜਾਣਗੇ ਅਤੇ ਫੁੱਲਾਂ ਦੀ ਵਰਖਾ ਹੋਵੇਗੀ | ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਦੱਸਿਆ ਕਿ ਮੈਨੇਜਰ ਅਵਤਾਰ ਸਿੰਘ ਦੀ ਅਗਵਾਈ ਹੇਠਾਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹਨ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਨਗਰ ਕੀਰਤਨ ਵੀ 3 ਨਵੰਬਰ ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜੇਗਾ ਅਤੇ 4 ਨਵੰਬਰ ਨੂੰ ਸਵੇਰੇ 8 ਵਜੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ | ਇਸ ਤੋਂ ਬਾਅਦ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਗੁਰਦੁਆਰਾ ਸੰਤਘਾਟ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਇੰਜ.ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ, ਜਥੇਦਾਰ ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ, ਬੀਬੀ ਬਲਜੀਤ ਕੌਰ ਕਮਾਲਪੁਰ, ਭਾਈ ਹਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ, ਪਵਨਦੀਪ ਸਿੰਘ ਰਿਕਾਰਡ ਕੀਪਰ, ਜਰਨੈਲ ਸਿੰਘ ਅਕਾਉਟੈਂਟ, ਰਣਜੀਤ ਸਿੰਘ ਠੱਟਾ, ਸਰਵਣ ਸਿੰਘ ਚੱਕਾਂ ਇੰਚਾਰਜ ਦਰਬਾਰ ਸਾਹਿਬ ਵੀ ਹਾਜ਼ਰ ਸਨ |
ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜੋੜ ਮੇਲਾ ਸ਼ੁਰੂ
ਅਜੀਤ ਡੈਸਕ
03-11-2025