ਖਲਵਾੜਾ, 2 ਨਵੰਬਰ (ਮਨਦੀਪ ਸਿੰਘ ਸੰਧੂ)-ਤਪ ਅਸਥਾਨ ਸੰਤ ਬਾਬਾ ਰਣਜੀਤ ਸਿੰਘ ਸ੍ਰੀ ਹਰਿਗੋਬਿੰਦ ਗੜ੍ਹ ਸਾਹਿਬ ਪਿੰਡ ਭੋਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਭੋਗਪੁਰ ਵਾਲਿਆਂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਜਾਣ ਉਪਰੰਤ ਭਾਈ ਗੁਰਦੀਪ ਸਿੰਘ ਦੇ ਜਥੇ ਨੇ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਇਕ ਆਖੰਡ ਪਾਠ ਸਾਹਿਬ ਬਹਾਦਰ ਸਿੰਘ ਸੰਗਤਪੁਰ ਅਤੇ ਬੀਬੀ ਨਰਿੰਦਰ ਕੌਰ ਦੇ ਪੋਤਰੇ ਜੈਤੇਗ ਸਿੰਘ ਦੇ ਜਨਮ ਦੀ ਖ਼ੁਸ਼ੀ ਵਿਚ ਕਰਵਾਇਆ ਗਿਆ | ਇਸ ਮੌਕੇ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਭੋਗਪੁਰ ਵਾਲਿਆਂ ਨੇ ਵੀ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ | ਇਸ ਮੌਕੇ ਰਣਜੀਤ ਸਿੰਘ ਖੁਰਾਣਾ ਸ਼ਹਿਰੀ ਪ੍ਰਧਾਨ, ਰਜਿੰਦਰ ਸਿੰਘ ਚੰਦੀ ਦਿਹਾਤੀ ਪ੍ਰਧਾਨ, ਰਘਬੀਰ ਸਿੰਘ, ਸੁੱਚਾ ਸਿੰਘ ਬਿਸ਼ਨਪੁਰ ਅਤੇ ਸਾਬੀ ਜਲਪੋਤਾ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |