ਕਪੂਰਥਲਾ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ. ਜ਼ਿਲ੍ਹਾ ਕਪੂਰਥਲਾ ਦੀ ਕਾਰਜਕਾਰਨੀ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਦੇ ਆਰੰਭ ਵਿਚ ਵਿੱਛੜੇ ਪੈਨਸ਼ਨ ਸਾਥੀ ਪਿ੍ੰਸੀਪਲ ਵਰਿਆਮ ਸਿੰਘ, ਅਧਿਆਪਕ ਪੂਰਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਐਸੋਸੀਏਸ਼ਨ ਦੇ ਉਪ ਪ੍ਰਧਾਨ ਚਰਨਜੀਤ ਸਿੰਘ ਦੇ ਵੱਡੇ ਭਰਾ ਕਰਮਜੀਤ ਸਿੰਘ ਢਿੱਲੋਂ, ਪਿ੍ੰਸੀਪਲ ਤਰਸੇਮ ਲਾਲ ਦੇ ਵੱਡੇ ਪੁੱਤਰ ਜਸਬੀਰ ਸਿੰਘ ਦੇ ਦਿਹਾਂਤ 'ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ 17 ਦਸੰਬਰ ਨੂੰ ਜ਼ਿਲ੍ਹਾ ਲਾਇਬੇ੍ਰਰੀ ਕਪੂਰਥਲਾ ਵਿਚ 11 ਵਜੇ ਪੈਨਸ਼ਨ ਦਿਵਸ ਮਨਾਉਣ ਤੇ ਇਸ ਸਮਾਗਮ ਵਿਚ 80 ਸਾਲ ਤੇ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਵਿਚ ਪਾਸ ਇਕ ਹੋਰ ਮਤੇ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ 2.59 ਦੇ ਗੁਣਾਂਕ ਨਾਲ ਸੋਧੀ ਪੈਨਸ਼ਨ ਜਾਰੀ ਕਰਨ, ਕੇਂਦਰ ਨਾਲੋਂ 16 ਪ੍ਰਤੀਸ਼ਤ ਘੱਟ ਦਿੱਤਾ ਜਾ ਰਿਹਾ ਡੀ.ਏ. ਦੇ ਬਕਾਏ ਦੀ ਤੁਰੰਤ ਅਦਾਇਗੀ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮੈਡੀਕਲ ਰੀਬਰਸਮੈਂਟ ਦੇ ਕੇਸਾਂ ਦਾ ਨਿਪਟਾਰਾ ਬਿਨ੍ਹਾਂ ਦੇਰੀ ਕਰਕੇ ਪੈਨਸ਼ਨਰਾਂ ਨੂੰ ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ | ਮੀਟਿੰਗ ਵਿਚ ਪਾਸ ਇਕ ਹੋਰ ਮਤੇ ਵਿਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ 4 ਲੇਬਰ ਕੋਡ ਵਾਪਸ ਲੈਣ, ਬਿਜਲੀ ਸੋਧ ਬਿੱਲ ਰੱਦ ਕਰਨ, ਪਾਵਰਕਾਮ ਤੇ ਹੋਰ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਹਥਿਆ ਕੇ ਉਨ੍ਹਾਂ ਨੂੰ ਵੇਚਣ ਦੀ ਨੀਤੀ ਵਾਪਸ ਲੈਣ, ਛੱਤੀਸਗੜ੍ਹ ਤੇ ਹੋਰ ਖੇਤਰਾਂ ਵਿਚ ਆਪਣੇ ਜਲ ਅਤੇ ਜੰਗਲ ਦੀ ਰਾਖੀ ਲਈ ਲੜ੍ਹ ਰਹੇ ਲੋਕਾਂ ਅਤੇ ਆਦਿਵਾਸੀਆਂ ਦਾ ਨਕਸਲਵਾਦ ਦੇ ਨਾਂਅ 'ਤੇ ਕੀਤਾ ਜਾ ਰਿਹਾ ਕਤਲੇਆਮ ਬੰਦ ਕਰਨ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਕੰਮ ਕਰਨ ਦੇ ਨਾਲ-ਨਾਲ ਆਪਣੀਆਂ ਹੱਕੀ ਮੰਗਾਂ ਦੇ ਸੰਘਰਸ਼ ਕਰਨ ਲਈ ਤਿਆਰ ਰਹਿਣ | ਮੀਟਿੰਗ ਵਿਚ ਜਗਜੀਤ ਸਿੰਘ, ਵਿਨੋਦ ਕੁਮਾਰ, ਦਲੀਪ ਸਿੰਘ, ਗੁਰਬਚਨ ਸਿੰਘ ਘੁੰਮਣ, ਜਸਵੰਤ ਵਿਰਦੀ, ਗੁਰਦਿਆਲ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ, ਰਾਜ ਕੁਮਾਰ ਮਨੋਚਾ, ਸੁਖਵਿੰਦਰ ਸਿੰਘ ਚੀਮਾ, ਗੁਰਦੇਵ ਸਿੰਘ, ਤਰਸੇਮ ਕੁਮਾਰ ਸ਼ਾਸਤਰੀ, ਤਰਲੋਚਨ ਸਿੰਘ, ਸਾਧੂ ਸਿੰਘ ਬਿਧੀਪੁਰ, ਰਣਧੀਰ ਸਿੰਘ, ਸੁਕੇਸ਼ ਜੋਸ਼ੀ, ਸ਼ਕਤੀ ਸਰੂਪ, ਰਕੇਸ਼ ਚੰਦਰ, ਕੁਲਦੀਪ ਕੌਰ, ਸੰਤੋਸ਼ ਭੱਲਾ, ਸੁਖਜੀਤ ਕੌਰ, ਊਸ਼ਾ ਸ਼ਰਮਾ, ਰਿਟ. ਇੰਸਪੈਕਟਰ ਜਸਕਰਨ ਸਿੰਘ ਆਦਿ ਹਾਜ਼ਰ ਸਨ |