ਫਗਵਾੜਾ, 17 ਦਸੰਬਰ (ਹਰਜੋਤ ਸਿੰਘ ਚਾਨਾ)-ਬਲਾਕ ਸੰਮਤੀ ਨਤੀਜਿਆਂ ਦੌਰਾਨ ਅੱਜ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਪ੍ਰਸ਼ਾਸਨ ਦੇ ਖ਼ਿਲਾਫ਼ ਉਸ ਸਮੇਂ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਜਦੋਂ ਜ਼ੋਨ ਨੰਬਰ 12 ਸਾਹਨੀ ਤੋਂ ਕਾਂਗਰਸੀ ਉਮੀਦਵਾਰ ਜਿਸ ਦੀ ਚਾਰ ਵੋਟਾਂ ਨਾਲ ਜਿੱਤ ਯਕੀਨੀ ਹੋ ਰਹੀ ਸੀ ਉਸ ਦਾ ਨਤੀਜਾ ਪ੍ਰਸ਼ਾਸਨ ਨੇ ਅਚਾਨਕ ਰੋਕ ਦਿੱਤਾ ਤੇ 'ਆਪ' ਉਮੀਦਵਾਰ ਵਲੋਂ ਇਸ ਦੀ ਮੁੜ ਗਿਣਤੀ ਦੀ ਦਰਖਾਸਤ ਦਾ ਦਾਅਵਾ ਕਰਕੇ ਅਗਲੀ ਗਿਣਤੀ ਸ਼ੁਰੂ ਕਰ ਦਿੱਤੀ | ਧਾਲੀਵਾਲ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਜ਼ੋਨ ਸਾਹਨੀ ਤੋਂ ਉਮੀਦਵਾਰ ਸੁਰਿੰਦਰ ਕੌਰ ਚੋਣ ਲੜ ਰਹੀ ਸੀ ਜਦਕਿ 'ਆਪ' ਦੀ ਰਜਿੰਦਰ ਕੌਰ ਉਮੀਦਵਾਰ ਸੀ ਜਦੋਂ ਸੁਰਿੰਦਰ ਕੌਰ ਦਾ ਨਤੀਜਾ ਐਲਾਨਣਾ ਸੀ ਤਾਂ ਪ੍ਰਸ਼ਾਸਨ ਨੇ ਇਸ ਗੱਲ ਦਾ ਬਹਾਨਾ ਬਣਾ ਦਿੱਤਾ ਕਿ 'ਆਪ' ਉਮੀਦਵਾਰ ਨੇ ਮੁੜ ਗਿਣਤੀ ਦਾ ਇਤਰਾਜ਼ ਕਰਕੇ ਦਰਖ਼ਾਸਤ ਦਿੱਤੀ ਹੈ ਜਦਕਿ ਪ੍ਰਸ਼ਾਸਨ ਨੇ ਕਾਫ਼ੀ ਸਮਾਂ ਦਰਖਾਸਤ ਧਾਲੀਵਾਲ ਨੂੰ ਨਹੀਂ ਦਿਖਾਈ ਜਿਸ ਤੋਂ ਖਫ਼ਾ ਹੋਏ ਕਾਂਗਰਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਪ੍ਰਸ਼ਾਸਨ ਸਾਰਾ ਕੁੱਝ ਜਾਣ ਬੁੱਝ ਕੇ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ | ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਗੁਰਦਿਆਲ ਸਿੰਘ ਭੁੱਲਾਰਾਈ, ਕਮਲ ਧਾਲੀਵਾਲ, ਮੁਨੀਸ਼ ਭਾਰਦਵਾਜ, ਵਿਨੋਦ ਵਰਮਾਨੀ ਆਦਿ ਸ਼ਾਮਿਲ ਸਨ | ਅੱਜ ਸ਼ਾਮ ਤੱਕ 7 ਸੀਟਾਂ 'ਤੇ 'ਆਪ', ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਨੂੰ 1 ਸੀਟ, 1 ਆਜ਼ਾਦ ਉਮੀਦਵਾਰ ਤੇ ਇੱਕ 'ਤੇ ਮੁੜ ਗਿਣਤੀ ਦਾ ਕੰਮ ਹੋਵੇਗਾ |