ਫਗਵਾੜਾ, 18 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸ਼ੂਗਰ ਮਿਲ ਚੌਂਕ ਨਜ਼ਦੀਕ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਵਾਰੀਆਂ ਲੈ ਕੇ ਜਾ ਰਹੇ ਇੱਕ ਆਟੋ ਦੀ ਅਚਾਨਕ ਅਗਲੇ ਟਾਇਰ ਦੀ (ਹੱਬ) ਟੁੱਟ ਜਾਣ ਕਾਰਨ ਆਟੋ ਰੋਡ 'ਤੇ ਪਲਟ ਗਿਆ | ਹਾਦਸੇ 'ਚ ਆਟੋ ਚਾਲਕ ਸਮੇਤ ਆਟੋ 'ਚ ਸਵਾਰ ਕਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ | ਜਾਣਕਾਰੀ ਦਿੰਦਿਆਂ ਆਟੋ ਚਾਲਕ ਸੋਨੂੰ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਮੋੜ ਤੋਂ ਸਵਾਰੀਆਂ ਲੈ ਕੇ ਜਾ ਰਿਹਾ ਸੀ, ਜਿਵੇਂ ਹੀ ਆਟੋ ਸ਼ੂਗਰ ਮਿਲ ਚੌਕ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਆਟੋ ਦੀ ਹੱਬ ਟੁੱਟ ਗਈ, ਜਿਸ ਕਾਰਨ ਆਟੋ ਬੇਕਾਬੂ ਹੋ ਕੇ ਰੋਡ 'ਤੇ ਪਲਟ ਗਿਆ ਤੇ ਉਸ ਸਮੇਤ ਆਟੋ 'ਚ ਬੈਠੀਆਂ ਸਵਾਰੀਆਂ ਗੰਭੀਰ ਤੌਰ 'ਤੇ ਜ਼ਖਮੀ ਹੋ ਗਈਆਂ | ਉਧਰ, ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਰਿਟਾਇਰਡ ਪੁਲਿਸ ਅਫ਼ਸਰ ਸੋਹਣ ਸਿੰਘ ਨੇ ਦੱਸਿਆ ਕਿ ਸ਼ੂਗਰ ਮਿੱਲ ਨਜ਼ਦੀਕ ਆਟੋ ਦੇ ਪਲਟਣ ਕਾਰਨ ਆਟੋ ਚਾਲਕ ਸਮੇਤ ਕਈ ਸਵਾਰੀਆਂ ਅਤੇ ਬੱਚੇ ਜ਼ਖਮੀ ਹੋ ਗਏ ਸਨ | ਜਿਨ੍ਹਾਂ ਨੂੰ ਉਨ੍ਹਾਂ ਤੁਰੰਤ ਆਪਣੀ ਗੱਡੀ 'ਚ ਬਿਠਾ ਕੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ | ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜ ਜ਼ਖਮੀ ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਜ਼ਖਮੀਆਂ ਦੀ ਪਛਾਣ ਬਲਬੀਰ ਚੰਦ, ਸੋਨੂੰ, ਵੀਨਾ ਕੁਮਾਰੀ, ਗੁਰਜੀਤ ਕੌਰ, ਰੇਸ਼ਮ ਕੌਰ ਵਜੋਂ ਹੋਈ ਹੈ | ਇਸੇ ਤਰ੍ਹਾਂ ਜਲੰਧਰ ਰੋਡ 'ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ | ਜਾਣਕਾਰੀ ਅਨੁਸਾਰ ਫਗਵਾੜਾ ਤੋਂ ਜਲੰਧਰ ਵੱਲ ਆ ਜਾ ਰਹੀ ਇੱਕ ਕਾਰ ਨੂੰ ਪਿੱਛੋਂ ਆ ਰਹੇ ਇੱਕ ਟਿੱਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਗੁਰਾਇਆ ਤੋਂ ਫਗਵਾੜਾ ਵੱਲ ਆ ਰਹੇ ਸਨ ਤਾਂ ਸਾਹਮਣੇ ਜਾ ਰਹੇ ਇੱਕ ਗੱਡੀ ਨੂੰ ਇੰਡੀਕੇਟਰ ਦੇ ਕੇ ਮੁੜਨ ਦਾ ਇਸ਼ਾਰਾ ਕੀਤਾ | ਇਸ ਦੌਰਾਨ ਕਾਰ ਸਵਾਰਾ ਨੇ ਆਪਣੀ ਗੱਡੀ ਰੋਕ ਲਈ, ਪਰ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਇੱਕ ਟਰੱਕ ਨੇ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤਾ | ਹਾਦਸੇ 'ਚ ਕਾਰ ਸਵਾਰ ਦੇ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ |