ਕਪੂਰਥਲਾ, 18 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਹਰ ਖੇਤਰ ਵਿਚ ਰਿਸ਼ਵਤ ਦਾ ਬੋਲਬਾਲਾ ਹੈ ਤੇ 'ਆਪ' ਦੇ ਕੁੱਝ ਹਲਕਾ ਇੰਚਾਰਜ ਅਸਲ੍ਹਾ ਲਾਇਸੈਂਸ ਬਣਾਉਣ ਲਈ ਕਥਿਤ ਤੌਰ 'ਤੇ ਮੋਟੀਆਂ ਰਕਮਾਂ ਇਕੱਤਰ ਕਰਨ ਤੋਂ ਇਲਾਵਾ ਰੇਤ ਵੇਚਣ ਵਿਚ ਰੁੱਝੇ ਹੋਏ ਹਨ ਤੇ ਸਰਕਾਰ ਹਰ ਮੁਹਾਜ਼ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਇਹ ਪ੍ਰਗਟਾਵਾ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਕਪੂਰਥਲਾ ਤੇ ਸਾਬਕਾ ਕੈਬਨਿਟ ਮੰਤਰੀ ਨੇ ਸਥਾਨਕ ਏਕਤਾ ਭਵਨ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੇ ਕਪੂਰਥਲਾ ਬਲਾਕ ਸੰਮਤੀ ਦੇ 10, ਜ਼ਿਲ੍ਹਾ ਪ੍ਰੀਸ਼ਦ ਦੇ 2, ਬਲਾਕ ਸੰਮਤੀ ਸੁਲਤਾਨਪੁਰ ਲੋਧੀ ਤੇ ਬਲਾਕ ਸੰਮਤੀ ਫੱਤੂਢੀਂਗਾ ਦੇ 16 ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ 2 ਆਜ਼ਾਦ ਉਮੀਦਵਾਰਾਂ ਨੂੰ ਸੁਲਤਾਨਪੁਰ ਲੋਧੀ ਹਲਕੇ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਤੋਂ ਬਾਅਦ ਦੋਵਾਂ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਆਗੂਆਂ, ਵਰਕਰਾਂ ਤੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਹਲਕਿਆਂ ਵਿਚ ਪੈਂਦੀਆਂ 3 ਬਲਾਕ ਸੰਮਤੀਆਂ ਵਿਚ ਹੋਈ ਸ਼ਾਨਦਾਰ ਜਿੱਤ ਦਾ ਸਿਹਰਾ ਉਹ ਦੋਵਾਂ ਹਲਕਿਆਂ ਦੇ ਵੋਟਰਾਂ ਸਿਰ ਬੰਨ੍ਹਦੇ ਹਨ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅਸੀਂ ਤਿੰਨ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਜ਼ੋਨ ਜਿੱਤਣ ਵਿਚ ਸਫਲ ਹੋਏ | ਕਾਂਗਰਸ ਵਿਧਾਇਕ ਨੇ ਕਿਹਾ ਕਿ ਉਹ ਪਿਛਲੇ 25 ਵਰਿ੍ਹਆਂ ਤੋਂ ਲੋਕਾਂ ਦੇ ਅੰਗ ਸੰਗ ਹੋ ਕੇ ਉਨ੍ਹਾਂ ਦੀ ਸੇਵਾ ਵਿਚ ਜੁਟੇ ਹਨ ਤੇ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਕਾਰਜਸ਼ੀਲ ਰਹਿਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ, ਲੋਕ ਸਰਕਾਰ ਨਾਲ ਨਫ਼ਰਤ ਕਰ ਰਹੇ ਹਨ ਤੇ ਇਸੇ ਕਾਰਨ ਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਨੇ ਵੋਟਾਂ ਪਾਉਣ ਲਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ, ਜਿਸ ਕਾਰਨ ਪੋਿਲੰਗ ਪ੍ਰਤੀਸ਼ਤ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਫ਼ੀ ਗਿਰਾਵਟ ਆਈ ਹੈ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਫੱਤੂਢੀਂਗਾ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਫ਼ਤਵਾ ਦਿੱਤਾ ਹੈ, ਇਸ ਲਈ ਉਹ ਦੋਵਾਂ ਹਲਕਿਆਂ ਦੇ ਆਪਣੇ ਸਮਰਥਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕਾਰਜਸ਼ੈਲੀ ਤੋਂ ਲੋਕ ਖ਼ੁਸ਼ ਹਨ ਤੇ ਹਲਕੇ ਦੇ ਲੋਕਾਂ ਨੇ ਪਹਿਲਾਂ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਉਨ੍ਹਾਂ ਵਲੋਂ ਆਜ਼ਾਦ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਜਿੱਤ ਦਿਵਾ ਕੇ ਇਕ ਮਿਸਾਲ ਪੇਸ਼ ਕੀਤੀ ਹੈ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਸੀਨੀਅਰ ਕਾਂਗਰਸ ਆਗੂ ਗੁਰਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ, ਕਰਨ ਮਹਾਜਨ, ਨਰਿੰਦਰ ਮਨਸੂ, ਗੁਰਪ੍ਰੀਤ ਸਿੰਘ ਗੋਪੀ, ਨੰਬਰਦਾਰ ਮੰਗਲ ਸਿੰਘ ਭੱਟੀ, ਮਨਿੰਦਰ ਸਿੰਘ ਮੰਨਾ, ਅਨਿਲ ਸ਼ੁਕਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |