ਸੁਲਤਾਨਪੁਰ ਲੋਧੀ, 18 ਦਸੰਬਰ (ਨਰੇਸ਼ ਹੈਪੀ)-ਖ਼ਾਲਸਾ ਵੈੱਲਫੇਅਰ ਸੁਸਾਇਟੀ ਅਤੇ ਭਾਈ ਹਰਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਲੋਹੀਆਂ ਖਾਸ ਵਿਖੇ ਕਰਵਾਏ 17ਵਾਂ ਹਰ ਜੱਸ ਕੀਰਤਨ ਦਰਬਾਰ 'ਚ ਬੱਚਿਆਂ ਲਈ ਸ਼ਬਦ ਗਾਇਨ, ਭਾਸ਼ਨ ਕਲਾ, ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 15 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਸ਼ਬਦ ਗਾਇਨ ਮੁਕਾਬਲੇ ਦੇ ਜੂਨੀਅਰ ਅਤੇ ਸੀਨੀਅਰ ਗਰੁੱਪ ਵਿਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੇ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ | ਇਨ੍ਹਾਂ ਬੱਚਿਆਂ ਨੇ ਬਹੁਤ ਹੀ ਸੁਰੀਲੇ ਲਹਿਜ਼ੇ ਵਿੱਚ ਸ਼ਬਦ ਗਾਇਨ ਕੀਤਾ | ਦਸਤਾਰ ਸਜਾਓ ਮੁਕਾਬਲੇ ਸੀਨੀਅਰ ਵਿਚੋਂ ਅਕਾਲ ਅਕੈਡਮੀ ਦੇ ਏਕਨੂਰ ਸਿੰਘ ਨੇ ਪਹਿਲਾ ਸਥਾਨ ਅਤੇ ਜੂਨੀਅਰ ਵਿੱਚ ਪਹਿਲੀ ਕਲਾਸ ਦੇ ਗੁਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਪ੍ਰਸ਼ਨੋਤਰੀ ਮੁਕਾਬਲਿਆਂ ਵਿਚੋਂ ਜੂਨੀਅਰ ਗਰੁੱਪ ਵਿਚੋਂ ਪ੍ਰਭਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ | ਭਾਸ਼ਨ ਮੁਕਾਬਲਿਆਂ 'ਚੋਂ ਜੂਨੀਅਰ ਗਰੁੱਪ ਦੀ ਅਨੂਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਖ਼ਾਲਸਾ ਵੈੱਲਫੇਅਰ ਸੋਸਾਇਟੀ ਲੋਹੀਆਂ ਖਾਸ ਵੱਲੋਂ ਜੇਤੂ ਰਹੇ ਬੱਚਿਆਂ ਨੂੰ ਇਨਾਮ ਵਜੋਂ ਟਰਾਫੀ, ਮੈਡਲ, ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਅਤੇ ਪਿ੍ੰਸੀਪਲ ਗਗਨਦੀਪ ਕੌਰ ਨੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਪਿ੍ੰਸੀਪਲ ਮੈਡਮ ਗਗਨਦੀਪ ਕੌਰ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਕਾਸ਼ਮ ਖ਼ਾਨ ਨੂੰ ਵੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਕਰਵਾਈ ਹੋਈ ਮਿਹਨਤ ਦੀ ਸ਼ਲਾਘਾ ਕੀਤੀ | ਇਸ ਮੌਕੇ ਅਧਿਆਪਕ ਸਰਬਜੀਤ ਕੌਰ ਚਾਹਲ, ਗੀਤਾ ਥਾਪਰ, ਰਵਿੰਦਰਪਾਲ ਸਿੰਘ, ਦੀਨ ਦਿਆਲ, ਕਰਨਵੀਰ ਚੌਹਾਨ, ਅਮਿਤ ਕੁਮਾਰ ਆਦਿ ਹਾਜ਼ਰ ਸਨ |