ਕਪੂਰਥਲਾ, 20 ਦਸੰਬਰ (ਸਡਾਨਾ)-ਵਾਲਮੀਕਿ ਸਮਾਜ ਨੇ ਸੱਤਾਧਾਰੀ ਪਾਰਟੀ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿਚ ਅੱਜ ਭਰਵੀਂ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਲਮੀਕਿ ਕਮਲੇਸ਼ਵਰ ਸਭਾ ਦੇ ਪ੍ਰਧਾਨ ਚਰਨਜੀਤ ਹੰਸ ਤੇ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸੂਬੇ ਦਾ ਮਾਹੌਲ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ ਤੇ ਲੋਕਾਂ ਨੂੰ ਥਾਣਿਆਂ ਤੋਂ ਵੀ ਕੋਈ ਇਨਸਾਫ਼ ਨਹੀਂ ਮਿਲ ਰਿਹਾ | ਕੋਮਲ ਸਹੋਤਾ ਨੇ ਕਿਹਾ ਕਿ 'ਆਪ' ਦੀ ਇਕ ਮਹਿਲਾ ਆਗੂ ਵਲੋਂ ਬੀਤੇ ਦਿਨੀਂ ਵਾਲਮੀਕਿ ਐਜੂਕੇਸ਼ਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਹੰਸ ਨੂੰ ਕਥਿਤ ਜਾਤੀ ਸੂਚਕ ਸ਼ਬਦ ਬੋਲੇ ਗਏ | ਜਿਸ ਦੇ ਖ਼ਿਲਾਫ਼ ਉਨ੍ਹਾਂ ਵਲੋਂ ਕਾਨੂੰਨੀ ਕਾਰਵਾਈ ਲਈ ਐਸ.ਐਸ.ਪੀ. ਸਮੇਤ ਹੋਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪੁਲਿਸ ਵਲੋਂ ਬਿਆਨ ਦਰਜ ਕਰਨ ਤੋਂ ਬਾਅਦ ਵੀ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਕਾਰਨ ਵਾਲਮੀਕਿ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜੇਕਰ ਉਕਤ ਮਹਿਲਾ ਆਗੂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਕੇਸ ਦਰਜ ਨਾ ਕੀਤਾ ਗਿਆ ਤਾਂ ਵਾਲਮੀਕ ਭਾਈਚਾਰਾ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 26 ਦਸੰਬਰ ਨੂੰ ਸ਼ਹਿਰ ਬੰਦ ਕਰਵਾਉਣ ਦਾ ਸੱਦਾ ਦੇਵੇਗਾ ਤੇ ਪ੍ਰਸ਼ਾਸਨ ਵਿਰੁੱਧ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜਸਵਿੰਦਰਪਾਲ ਉੱਗੀ, ਅਮਨਦੀਪ ਸਹੋਤਾ, ਕਰਨ ਸਹੋਤਾ, ਵਿਕਾਸ ਸਿੱਧੀ, ਵਿਕਾਸ ਮੋਮੀ, ਸਾਬੀ ਲੰਕੇਸ਼, ਜੀਵਨ ਵਾਲੀਆ, ਗੁਰਦੀਪ ਸਿੰਘ ਭੰਡਾਲ, ਰੋਹਿਤ, ਕੁਮਾਰ ਗੌਰਵ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਸੁਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ |