ਕਪੂਰਥਲਾ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦੀ ਸਪੋਰਟਸ ਸ਼ਾਖਾ ਵਲੋਂ ਜ਼ਿਲ੍ਹਾ ਪੱਧਰੀ ਲੜਕੀਆਂ ਦਾ ਕਰਾਟੇ ਦਾ ਮੁਕਾਬਲਾ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਡੀ.ਐਮ. ਸਪੋਰਟਸ ਕਪੂਰਥਲਾ ਨੇ ਦੱਸਿਆ ਕਿ ਬਲਾਕ ਪੱਧਰ 'ਤੇ ਕਰਾਟੇ ਦੇ ਕੁੱਝ ਦਿਨ ਪਹਿਲਾਂ ਹੋਏ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਰਹੀਆਂ ਲੜਕੀਆਂ ਨੇ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਹਿੱਸਾ ਲਿਆ ਸੀ | ਉਨ੍ਹਾਂ ਕਿਹਾ ਕਿ 6ਵੀਂ ਤੋਂ 8ਵੀਂ ਜਮਾਤ ਦੇ ਮੁਕਾਬਲੇ ਵਿਚ 45 ਕਿੱਲੋ ਭਾਰ ਵਰਗ ਵਿਚ ਸਰਕਾਰੀ ਹਾਈ ਸਕੂਲ ਰਜਾਪੁਰ ਦੀ ਵਿਦਿਆਰਥਣ ਨੀਸ਼ਾ ਤੇ +45 ਕਿੱਲੋ ਭਾਰ ਵਰਗ ਵਿਚ ਏਕਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 9ਵੀਂ ਤੋਂ 12ਵੀਂ ਜਮਾਤ ਦੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਤਰੁਨਪ੍ਰੀਤ ਕੌਰ ਨੇ -45 ਕਿੱਲੋ ਭਾਰ ਵਰਗ ਵਿਚ ਪਹਿਲਾ ਤੇ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਸਪਨਾ ਨੇ 50 ਕਿੱਲੋ ਤੋਂ ਘੱਟ ਸੀਫਾ ਨੇ 50 ਕਿੱਲੋ ਤੋਂ ਵੱਧ ਭਾਰ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਰਾਟੇ ਦੀ ਟਰੇਨਿੰਗ ਕੋਚ ਸਤਿੰਦਰ ਕੁਮਾਰ ਵਲੋਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਰਾਜ ਪੱਧਰੀ ਸਟੇਟ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ | ਇਸ ਮੌਕੇ ਜੇਤੂ ਵਿਦਿਆਰਥਣਾਂ ਨੂੰ ਡੀ.ਐਮ. ਸਪੋਰਟਸ ਤੇ ਹੋਰ ਸ਼ਖ਼ਸੀਅਤਾਂ ਨੇ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ |