ਸੁਲਤਾਨਪੁਰ ਲੋਧੀ, 26 ਦਸੰਬਰ (ਥਿੰਦ)-ਕੇਂਦਰ ਸਰਕਾਰ ਵਲੋਂ ਨਾਂਅ ਬਦਲ ਕੇ ਲਿਆਂਦੀ ਜਾ ਰਹੀ ਨਵੀਂ ਮਨਰੇਗਾ ਸਕੀਮ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ | ਇਹ ਕੇਂਦਰ ਸਰਕਾਰ ਜਾਣ ਬੁੱਝ ਕੇ ਸੂਬਿਆਂ ਉੱਪਰ ਵਿੱਤੀ ਭਾਰ ਪਾਉਣ ਦੇ ਮਨੋਰਥ ਨਾਲ ਕਰ ਰਹੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਦੀਪ ਸਿੰਘ ਮਿੰਟੂ ਨੇ ਕਿਹਾ ਕਿ 20 ਸਾਲਾਂ ਤੋਂ ਲਗਾਤਾਰ ਚੱਲ ਰਹੀ ਮਨਰੇਗਾ ਸਕੀਮ ਨਾਲ ਕਰੋੜਾਂ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਿਆ ਸੀ ਅਤੇ ਪਿੰਡਾਂ ਵਿਚ ਸਫ਼ਾਈ ਵੀ ਵੱਡੇ ਪੱਧਰ ਤੇ ਹੋ ਰਹੀ ਸੀ, ਪਰ ਮੋਦੀ ਸਰਕਾਰ ਨੇ 2014 ਤੋਂ 'ਚ ਸੱਤਾ ਸੰਭਾਲਦਿਆਂ ਇਸ ਦਾ ਬਜਟ ਘਟਾਉਣਾ ਸ਼ੁਰੂ ਕਰ ਦਿੱਤਾ ਸੀ | ਕੇਂਦਰ ਸਰਕਾਰ ਇਸ ਸਕੀਮ ਤਹਿਤ ਆਪਣਾ 90 ਫ਼ੀਸਦੀ ਹਿੱਸਾ ਪਾਉਂਦੀ ਸੀ ਤੇ ਜਦਕਿ ਸੂਬਾ ਸਰਕਾਰ ਦਾ 10 ਫ਼ੀਸਦੀ ਹਿੱਸਾ ਹੁੰਦਾ ਸੀ, ਪਰ ਹੁਣ ਕੇਂਦਰ ਸਰਕਾਰ ਨੇ ਆਪਣਾ 40 ਫ਼ੀਸਦੀ ਤੇ 60 ਫ਼ੀਸਦੀ ਸੂਬਿਆਂ ਦਾ ਹਿੱਸਾ ਤੈਅ ਕਰ ਦਿੱਤਾ ਹੈ | ਜੋ ਕਿ ਸੂਬਿਆਂ ਦੇ ਵੱਸ ਦੀ ਗੱਲ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਣਬੁੱਝ ਕੇ ਸੂਬਿਆਂ ਨੂੰ ਆਰਥਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਘਾਤਕ ਨਿਕਲਣਗੇ | ਉਨ੍ਹਾਂ ਨੇ ਕਿਹਾ ਕਿ ਮਨਰੇਗਾ ਸਕੀਮ ਨਾਲ ਪਿੰਡਾਂ ਵਿਚ ਲੋਕਾਂ ਨੂੰ ਵੱਡੀ ਪੱਧਰ ਤੇ ਰੁਜ਼ਗਾਰ ਮਿਲਿਆ ਸੀ,ਪਰ ਸਰਕਾਰ ਦੀ ਨਵੀਂ ਸਕੀਮ ਨਾਲ ਬੇਰੁਜ਼ਗਾਰੀ ਵਿਚ ਵੱਡਾ ਵਾਧਾ ਹੋਵੇਗਾ |