ਕ੍ਰਿਸਮਸ ਦਾ ਤਿਉਹਾਰ ਵੱਖ-ਵੱਖ ਥਾਵਾਂ 'ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
27-12-2025
ਕਪੂਰਥਲਾ, 26 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਮਸੀਹ ਭਾਈਚਾਰੇ ਵਲੋਂ ਕ੍ਰਿਸਮਸ ਦਾ ਤਿਉਹਾਰ ਵੱਖ-ਵੱਖ ਥਾਵਾਂ 'ਤੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਾਸਟਰ ਸਾਹਿਬਾਨ ਨੇ ਸੰਗਤਾਂ ਨੂੰ ਕਿ੍ਸਮਸ ਦੀ ਵਧਾਈ ਦਿੱਤੀ ਤੇ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਵਲੋਂ ਦੱਸੇ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸੇ ਸਬੰਧ ਵਿਚ ਦਾ ਕਿੰਗਸ ਚਰਚ ਡੋਗਰਾਂਵਾਲਾ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਪਾਸਟਰ ਨਿਤਿਨ ਥਾਪਰ ਨੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਵਿਸ਼ਵ ਵਿਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਉਪਦੇਸ਼ਾਂ ਰਾਹੀਂ ਪਿਆਰ, ਦਇਆ, ਸਹਿਣਸ਼ੀਲਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਧਰਮ ਮਨੁੱਖਤਾ ਨਾਲ ਪਿਆਰ ਕਰਨਾ, ਗਰੀਬਾਂ ਤੇ ਬਿਮਾਰ ਲੋਕਾਂ ਦੀਆਂ ਸੇਵਾ ਕਰਨਾ ਹੈ | ਚਰਚ ਦੀ ਸਮੂਹ ਸੇਵਾਦਾਰ ਕਮੇਟੀ ਵਲੋਂ ਸੰਗਤਾਂ ਲਈ ਲੰਗਰ ਵੀ ਲਗਾਏ ਗਏ |
ਕਰਾਊਨ ਆਫ਼ ਗਲੋਰੀ ਮਨਿਸਟਰੀ ਚਰਚ
ਕ੍ਰਿਸਮਸ ਦੇ ਸਬੰਧ ਵਿਚ ਕਰਾਊਨ ਆਫ਼ ਗਲੋਰੀ ਮਨਿਸਟਰੀ ਚਰਚ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਾਸਟਰ ਮਨਦੀਪ ਨੇ ਹਾਜ਼ਰ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਉਨ੍ਹਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਬੱਚਿਆਂ ਨੇ ਕ੍ਰਿਸਮਸ ਸਬੰਧੀ ਨਾਟਕ, ਗੀਤ, ਤੇ ਭਜਨ ਪੇਸ਼ ਕੀਤੇ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਤਹਿਸੀਲਦਾਰ ਹਰਪ੍ਰੀਤ ਸਿੰਘ, ਐਸ.ਐਚ.ਓ. ਅਮਨਦੀਪ ਨਾਹਰ ਨੂੰ ਪਾਸਟਰ ਮਨਦੀਪ ਤੇ ਚਰਚ ਦੇ ਪ੍ਰਧਾਨ ਅਨਿਲ ਕੁਮਾਰ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ਮਸੀਹੀ ਭਾਈਚਾਰੇ ਨਾਲ ਸੰਬੰਧਿਤ ਬੀਬੀਆਂ, ਬੱਚਿਆਂ ਤੇ ਹੋਰ ਸੰਗਤਾਂ ਨੇ ਉਤਸ਼ਾਹ ਨਾਲ ਭਾਗ ਲਿਆ |
ਦਾ ਲਾਈਟ ਹਾਊਸ ਮਨਿਸਟਰੀ ਚਰਚ
ਕ੍ਰਿਸਮਸ ਦੇ ਸਬੰਧ ਵਿਚ ਦਾ ਲਾਈਟ ਹਾਊਸ ਮਨਿਸਟਰੀ ਚਰਚ ਮੁਹੱਲਾ ਹਾਥੀ ਖਾਨਾ ਚੌਂਕ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਾਸਟਰ ਬਲਵਿੰਦਰ ਤੇ ਪਾਸਟਰ ਸੋਨੀਆ ਨੇ ਸਮੂਹ ਸੰਗਤਾਂ ਨੂੰ ਕ੍ਰਿਸਮਸ ਦੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ | ਅਸੀਂ ਸਮੂਹ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਵਲੋਂ ਦਿਖਾਏ ਗਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ | ਇਸ ਮੌਕੇ ਚਰਨਜੀਤ ਹੰਸ ਤੇ ਪ੍ਰੋ. ਸਾਗਰ ਨੂੰ ਚਰਚ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਵਿਕਾਸ ਮੋਮੀ, ਮਨਜੀਤ ਸੋਨੂੰ, ਡੈਨੀਅਲ, ਸੁਰਜੀਤ, ਪੀਟਰ, ਪਵਨ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |