ਭਾਜਪਾ ਨੇ ਰਾਹੁਲ ਗਾਂਧੀ 'ਤੇ ਕੀਤਾ ਪਲਟਵਾਰ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 2 ਜਨਵਰੀ-ਕਾਂਗਰਸ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਸੰਬੰਧੀ ਈ.ਵੀ.ਐਮ. 'ਤੇ ਕਰਵਾਏ ਸਰਵੇਖਣ 'ਚ ਜਨਤਾ ਨੇ ਭਰੋਸਾ ਪ੍ਰਗਟਾਇਆ ਹੈ | ਸਰਵੇਖਣ ਦਾ ਸਿਰਲੇਖ 'ਨਾਗਰਿਕਾਂ ਦੇ ਗਿਆਨ, ਨਜ਼ਰੀਏ ਅਤੇ ਵਿਹਾਰ' 'ਤੇ ਕੀਤੇ ਅੰਤਿਮ ਸਰਵੇਖਣ ਦੀ ਸਮੀਖਿਆ ਸੀ, ਜਿਸ 'ਚ 83.61 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਈ.ਵੀ.ਐਮ. 'ਤੇ ਭਰੋਸਾ ਹੈ | ਇਹ ਸਰਵੇਖਣ 102 ਵਿਧਾਨ ਸਭਾ ਹਲਕਿਆਂ 'ਚ 5100 ਲੋਕਾਂ 'ਤੇ ਕੀਤਾ ਗਿਆ, ਜਿਸ 'ਚ ਬੈਂਗਲੂਰੁ, ਬੇਲਗਾਵੀ, ਕਲਬੁਗੀ ਅਤੇ ਮੈਸੂਰ ਸ਼ਾਮਿਲ ਹਨ | ਕੁੱਲ 69.39 ਫ਼ੀਸਦੀ ਨੇ ਮੰਨਿਆ ਕਿ ਈ.ਵੀ.ਐਮ. ਸਹੀ ਨਤੀਜੇ ਦਿੰਦੀ ਹੈ, ਜਦਕਿ 14.22 ਫ਼ੀਸਦੀ ਨੇ ਇਸ 'ਤੇ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ | ਕਰਨਾਟਕ ਦੀ ਕਾਂਗਰਸ ਸਰਕਾਰ ਨੇ ਮੁੱਖ ਚੋਣ ਅਧਿਕਾਰੀ ਵੀ. ਅਬੁਦਮਰ ਰਾਹੀਂ ਇਹ ਸਰਵੇਖਣ ਕਰਵਾਇਆ | ਅੰਕੜਿਆਂ 'ਚ ਸਭ ਤੋਂ ਵੱਧ ਭਰੋਸਾ ਕਲਬੁਗੀ 'ਚ ਵੇਖਣ ਨੂੰ ਮਿਲਿਆ, ਜਿੱਥੇ 83.24 ਫ਼ੀਸਦੀ ਨੇ ਸਹਿਮਤੀ ਅਤੇ 11.24 ਫ਼ੀਸਦੀ ਨੇ ਪੂਰਨ ਸਹਿਮਤੀ ਪ੍ਰਗਟਾਈ ਕਿ ਈ.ਵੀ.ਐਮ. ਭਰੋਸੇਮੰਦ ਹੈ | ਮੈਸੂਰ 'ਚ 70.67 ਫ਼ੀਸਦੀ ਨੇ ਸਹਿਮਤੀ ਅਤੇ 17.92 ਫ਼ੀਸਦੀ ਨੇ ਪੂਰਨ ਸਹਿਮਤੀ ਪ੍ਰਗਟਾਈ | ਬੇਲਗਾਵੀ ਨੇ 63.90 ਫ਼ੀਸਦੀ ਨੇ ਸਹਿਮਤੀ ਅਤੇ 21.43 ਫ਼ੀਸਦੀ ਨੇ ਪੂਰਨ ਸਹਿਮਤੀ ਪ੍ਰਗਟਾਈ | ਬੈਂਗਲੁਰੂ 'ਚ ਪੂਰਨ ਸਹਿਮਤੀ ਸਭ ਤੋਂ ਘੱਟ 9.28 ਫ਼ੀਸਦੀ ਰਹੀ, ਜਦਕਿ 63.67 ਫ਼ੀਸਦੀ ਨੇ ਸਹਿਮਤੀ ਪ੍ਰਗਟਾਈ |
ਭਾਜਪਾ ਨੇ ਕੀਤਾ ਪਲਟਵਾਰ
ਸਰਵੇਖਣ ਦੇ ਨਤੀਜਿਆਂ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਲਾਏ 'ਵੋਟ ਚੋਰੀ' ਦੇ ਇਲਜ਼ਾਮਾਂ ਦਾ ਜਵਾਬ ਦੱਸਦਿਆਂ ਭਾਜਪਾ ਨੇ ਪਲਟਵਾਰ ਵੀ ਕੀਤਾ | ਕਰਨਾਟਕ 'ਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ ਸਾਲਾਂ ਤੋਂ ਰਾਹੁਲ ਗਾਂਧੀ ਪੂਰੇ ਦੇਸ਼ 'ਚ ਇਹੀ ਕਹਾਣੀ ਸੁਣਾਉਂਦੇ ਰਹੇ ਹਨ ਕਿ ਭਾਰਤ ਦਾ ਲੋਕਤੰਤਰ ਖ਼ਤਰੇ 'ਚ ਹੈ | ਈ.ਵੀ.ਐਮ. ਭਰੋਸੇਯੋਗ ਨਹੀਂ ਹੈ ਅਤੇ ਸਾਡੀਆਂ ਸੰਸਥਾਵਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ | ਪਰ ਕਰਨਾਟਕ ਨੇ ਬਿਲਕੁਲ ਵੱਖਰੀ ਕਹਾਣੀ ਦੱਸੀ ਹੈ | ਭਾਜਪਾ ਨੇ ਕਿਹਾ ਕਿ ਰਾਜ ਪੱਧਰੀ ਸਰਵੇਖਣ ਨੇ ਇਹ ਵਿਖਾਇਆ ਕਿ ਲੋਕ ਚੋਣਾਂ, ਈ.ਵੀ.ਐਮ. ਅਤੇ ਭਾਰਤ ਦੇ ਲੋਕਤੰਤਿ੍ਕ ਅਮਲ 'ਤੇ ਭਰੋਸਾ ਕਰਦੇ ਹਨ |
ਕਰਨਾਟਕ 'ਚ ਈ.ਵੀ.ਐਮ. 'ਤੇ ਕਰਵਾਏ ਸਰਵੇਖਣ 'ਚ 83 ਫ਼ੀਸਦੀ ਜਨਤਾ ਨੇ ਭਰੋਸਾ ਪ੍ਰਗਟਾਇਆ
ਅਜੀਤ ਡੈਸਕ
03-01-2026