ਨਵੀਂ ਦਿੱਲੀ, 24 ਜਨਵਰੀ (ਉਪਮਾ ਡਾਗਾ ਪਾਰਥ)-ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਭਾਵ 27 ਜਨਵਰੀ ਨੂੰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਸੱਦੀ ਹੈ | ਸੰਸਦ ਦਾ ਬਜਟ ਇਜਲਾਸ 28 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਕੇਂਦਰੀ ਬਜਟ 1 ਫਰਵਰੀ (ਐਤਵਾਰ) ਨੂੰ ਪੇਸ਼ ਕੀਤਾ ਜਾਵੇਗਾ | ਬਜਟ ਇਜਲਾਸ ਦੀ ਸ਼ੁਰੂਆਤ ਲੋਕ ਸਭਾ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਭਾਸ਼ਨ ਨਾਲ ਹੋਵੇਗੀ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ ਬਜਟ ਪੇਸ਼ ਕਰਨਗੇ | ਇਜਲਾਸ ਦਾ ਪਹਿਲਾ ਪੜਾਅ 13 ਫਰਵਰੀ ਨੂੰ ਖਤਮ ਹੋਵੇਗਾ ਅਤੇ 9 ਮਾਰਚ ਤੋਂ ਬਜਟ ਇਜਲਾਸ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ ਜੋ 2 ਅਪ੍ਰੈਲ ਤੱਕ ਚਲੇਗਾ | ਇਜਲਾਸ ਤੋਂ ਪਹਿਲਾਂ ਸੱਦੀ ਇਸ ਸਰਬ ਪਾਰਟੀ ਮੀਟਿੰਗ 'ਚ ਇਜਲਾਸ 'ਚ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ | ਵਿਰੋਧੀ ਧਿਰਾਂ ਇਜਲਾਸ ਦਰਮਿਆਨ ਮਗਨਰੇਗਾ ਨੂੰ ਖ਼ਤਮ ਕਰਨ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕਰਨਗੀਆਂ |