ਚੰਡੀਗੜ੍ਹ, 5 ਫਰਵਰੀ (ਅਜੀਤ ਬਿਊਰੋ)-ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿਤਰਾ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਵੋਟਰ ਸੂਚੀਆਂ ਦੇ ਪ੍ਰਬੰਧਨ ਸੰਬੰਧੀ ਵੱਖ-ਵੱਖ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ | ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੋਟਰ ਮੈਪਿੰਗ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਚੋਣ ਜਾਣਕਾਰੀ ਦੀ ਯੋਜਨਾਬੱਧ ਕਵਰੇਜ, ਸ਼ੁੱਧਤਾ ਅਤੇ ਸਮੇਂ ਸਿਰ 'ਅਪਡੇਸ਼ਨ' ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ-ਵਾਰ ਪ੍ਰਗਤੀ ਦੀ ਸਮੀਖਿਆ ਕੀਤੀ | ਮੀਟਿੰਗ ਮੌਕੇ ਉਨ੍ਹਾਂ ਨੇ ਚੰਗੀ ਤਰ੍ਹਾਂ ਪਛਾਣ 'ਚ ਨਾ ਆਉਣ ਵਾਲੀਆਂ ਤਸਵੀਰਾਂ ਅਤੇ ਗਲਤ ਐਂਟਰੀਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਹੱਲ ਕਰਨ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਚੋਣ ਫਾਰਮਾਂ ਦੇ ਸੰਗ੍ਰਹਿ ਅਤੇ ਨਿਪਟਾਰੇ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ | ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਧਾਰਤ ਪ੍ਰਕਿਰਿਆਵਾਂ ਦੇ ਅਨੁਸਾਰ ਸਖ਼ਤੀ ਨਾਲ ਅਜਿਹੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ | ਇਸ ਦੇ ਨਾਲ ਹੀ ਈ.ਆਰ.ਓ. ਨੈੱਟ 'ਤੇ ਬਕਾਇਆ ਅਰਜ਼ੀਆਂ ਦੀ ਵੀ ਵਿਸਥਾਰਿਤ ਚਰਚਾ ਕੀਤੀ ਗਈ ਅਤੇ ਮੁੱਖ ਚੋਣ ਅਧਿਕਾਰੀ ਨੇ ਵੋਟਰ ਸੂਚੀਆਂ ਦੀ ਇਕਸਾਰਤਾ ਅਤੇ ਦਰੁਸਤੀ ਨੂੰ ਬਣਾਈ ਰੱਖਣ ਲਈ ਨਿਰੰਤਰ ਨਿਗਰਾਨੀ ਅਤੇ ਇਸ ਦੇ ਤੇਜ਼ੀ ਨਾਲ ਨਿਪਟਾਰੇ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਈ.ਸੀ.ਆਈ. ਨੈੱਟ 'ਤੇ 'ਬੁੱਕ ਏ ਕਾਲ' ਵਿਸ਼ੇਸ਼ਤਾ ਬਾਰੇ ਜਾਗਰੂਕਤਾ ਫੈਲਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜਿਸ ਤਹਿਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਪਾਰਦਰਸ਼ੀ ਅਤੇ ਸਮਾਂਬੱਧ ਸ਼ਿਕਾਇਤ ਨਿਵਾਰਨ ਲਈ ਵੋਟਰਾਂ ਨੂੰ ਕਾਲ-ਬੈਕ ਸਹਾਇਤਾ ਪ੍ਰਦਾਨ ਕਰਦੇ ਹਨ | ਇਸ ਤੋਂ ਇਲਾਵਾ ਡੈਮੋਗ੍ਰਾਫ਼ੀਕਲ ਸਿਮੀਲਰ ਐਂਟਰੀਜ਼ (ਡੀ.ਐਸ.ਈ.) ਨਾਲ ਸੰਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕੀਤੀ ਗਈ ਅਤੇ ਜ਼ਿਲਿ੍ਹਆਂ ਨੂੰ 'ਡੁਪਲੀਕੇਟ ਐਂਟਰੀਆਂ' ਤੋਂ ਬਚਣ ਅਤੇ ਚੋਣ ਰਿਕਾਰਡ ਦੀ ਵਿਲੱਖਣਤਾ ਨੂੰ ਯਕੀਨੀ ਬਣਾਉਣ ਲਈ ਪੂਰੇ ਧਿਆਨ ਨਾਲ ਤਸਦੀਕ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ |