ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਜਲੰਧਰ 'ਚ 16ਵਾਂ ਪੰਜਾਬੀ ਜਾਗਿ੍ਤੀ ਮਾਰਚ
ਜਸਪਾਲ ਸਿੰਘ ਹਰਵਿੰਦਰ ਸਿੰਘ ਫੁੱਲ
ਜਲੰਧਰ, 26 ਫਰਵਰੀ-ਪੰਜਾਬ ਜਾਗਿ੍ਤੀ ਮੰਚ ਵਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਜਲੰਧਰ 'ਚ 16ਵਾਂ ਪ੍ਰਭਾਵਸ਼ਾਲੀ ਮਾਰਚ ਕੱਢਿਆ ਗਿਆ | ਇਸ ਮਾਰਚ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਿੱਥੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਦੀ ਵਧਾਈ ਦਿੱਤੀ ਉੱਥੇ ਪੰਜਾਬ ਜਾਗਿ੍ਤੀ ਮੰਚ ਵਲੋਂ ਹਰ ਸਾਲ ਕੀਤੇ ਜਾਂਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਤੇ ਸੂਬੇ ਅੰਦਰ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਬੋਲੀ ਪੰਜਾਬੀ 'ਚ ਜਿੰਨੀ ਮਿਠਾਸ ਤੇ ਅਪਣੱਤ ਹੈ, ਉਹ ਸ਼ਾਇਦ ਹੀ ਕਿਸੇ ਹੋਰ ਬੋਲੀ 'ਚ ਹੋਵੇ | ਇਸ ਮੌਕੇ ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਤੇ ਜਨਰਲ ਸਕੱਤਰ ਸ੍ਰੀ ਦੀਪਕ ਬਾਲੀ ਵਲੋਂ ਸੌਂਪੇ ਗਏ ਮੰਗ ਪੱਤਰ ਵਿਚਲੀਆਂ ਮੰਗਾਂ ਸੰਬੰਧੀ ਜਲਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ | ਇਸ ਤੋਂ ਪਹਿਲਾਂ ਮਾਰਚ ਨੂੰ ਸਥਾਨਕ ਲਾਇਲਪੁਰ ਖ਼ਾਲਸਾ ਸਕੂਲ ਨਕੋਦਰ ਰੋਡ ਤੋਂ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ, ਜਨਰਲ ਸਕੱਤਰ ਸ੍ਰੀ ਦੀਪਕ ਬਾਲੀ, ਸੰਤ ਨਿਰਮਲ ਦਾਸ ਬਾਬਾ ਜੌੜੇ ਵਾਲੇ, ਬੀਬੀ ਸੰਤੋਸ਼ ਕੁਮਾਰੀ, ਬੀਬੀ ਰਾਜਵਿੰਦਰ ਕੌਰ ਥਿਆੜਾ, ਆਤਮ ਪ੍ਰਕਾਸ਼ ਸਿੰਘ ਬਬਲੂ, ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਪ੍ਰੋ. ਮਨਜੀਤ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬਾਅਦ ਇਹ ਮਾਰਚ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਪੁੱਜਾ, ਜਿੱਥੇ ਪ੍ਰਸਿੱਧ ਗਾਇਕ ਮਨਕੀਰਤ ਔਲਖ, ਅਲੀ ਬ੍ਰਦਰਜ਼, ਦਲਵਿੰਦਰ ਦਿਆਲਪੁਰੀ ਤੇ ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਦੀ ਦੋਗਾਣਾ ਜੋੜੀ ਨੇ ਆਪਣੀ ਗਾਇਕੀ ਨਾਲ ਜਿੱਥੇ ਪੰਜਾਬੀ ਪ੍ਰੇਮੀਆਂ ਦਾ ਖੂਬ ਮਨੋਰੰਜਨ ਕੀਤਾ | ਇਸ ਮਾਰਚ 'ਚ ਜਿੱਥੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ, ਉੱਥੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਵਿਚ ਉਤਸ਼ਾਹ ਨਾਲ ਸ਼ਿਰਕਤ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਦਿੱਲੀ ਤੋਂ 'ਆਪ' ਦੇ ਵਿਧਾਇਕ ਡਾ. ਅਜੇ ਦੱਤ, ਰਮੇਸ਼ ਮਿੱਤਲ (ਚੇਅਰਮੈਨ ਲਵਲੀ ਗਰੁੱਪ), ਨਰੇਸ਼ ਮਿੱਤਲ (ਵਾਈਸ ਚੇਅਰਮੈਨ ਲਵਲੀ ਗਰੁੱਪ), ਅਭਿਸ਼ੇਕ ਵਿਜ (ਡਾਇਰੈਕਟਰ ਦੈਨਿਕ ਸਵੇਰਾ), ਡਾ. ਮਨਬੀਰ ਸਿੰਘ (ਸੀ.ਟੀ. ਗਰੁੱਪ), ਸਰਦਾਰਨੀ ਬਲਬੀਰ ਕੌਰ ਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ |
ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਪੰਜਾਬ ਸਰਕਾਰ ਵਚਨਬੱਧ-ਸੰਧਵਾਂ
ਅਜੀਤ ਡੈਸਕ
27-02-2026