ਹਰਕਵਲਜੀਤ ਸਿੰਘ
ਚੰਡੀਗੜ੍ਹ, 2 ਮਾਰਚ -ਪੰਜਾਬ ਵਿਧਾਨ ਸਭਾ ਲਈ ਆਮ ਚੋਣਾਂ ਜੋ ਜਨਵਰੀ-ਫਰਵਰੀ 2027 ਵਿਚ ਹੋਣੀਆਂ ਨਿਸ਼ਚਿਤ ਹਨ, ਇਨ੍ਹਾਂ ਚੋਣਾਂ ਨੂੰ ਲੈ ਕੇ ਪੰਜਾਬ ਵਿਚਲੀਆਂ ਸਿਆਸੀ ਧਿਰਾਂ ਦਾ ਪਾਰਾ ਹੁਣ ਤੋਂ ਹੀ ਚੜਿ੍ਹਆ ਨਜ਼ਰ ਆ ਰਿਹਾ ਹੈ ਅਤੇ ਸਾਰੀਆਂ ਮੁੱਖ ਧਿਰਾਂ ਵਲੋਂ ਜਿਵੇਂ ਚੋਣ ਗਤੀਵਿਧੀਆਂ ਵਿਚ ਤੇਜ਼ੀ ਲਿਆਂਦੀ ਗਈ ਹੈ, ਉਸ ਤੋਂ ਇਹ ਪ੍ਰਭਾਵ ਬਣ ਰਿਹਾ ਹੈ ਕਿ ਇਹ ਚੋਣਾਂ ਕਾਫ਼ੀ ਗਹਿਗੱਚ ਰਹਿਣ ਵਾਲੀਆਂ ਹਨ | ਦਿਲਚਸਪ ਗੱਲ ਇਹ ਹੈ ਕਿ ਰਾਜ ਵਿਚਲੀ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਲਈ ਵੀ ਇਹ ਚੋਣ ਦੁਬਾਰਾ ਜਿੱਤਣਾ ਜ਼ਿੰਦਗੀ-ਮੌਤ ਦੇ ਸਵਾਲ ਵਾਂਗ ਹੈ, ਕਿਉਂਕਿ ਪਾਰਟੀ ਕੋਲ ਇਸ ਵੇਲੇ ਕੇਵਲ ਪੰਜਾਬ 'ਚ ਹੀ ਸਰਕਾਰ ਹੈ ਅਤੇ ਉਸ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਸੂਬੇ 'ਤੇ ਪਕੜ ਕਾਇਮ ਰੱਖਣਾ ਉਨ੍ਹਾਂ ਲਈ ਅਤਿ ਜ਼ਰੂਰੀ ਹੈ | ਇਸੇ ਲਈ ਪਾਰਟੀ ਚੋਣ ਮੋਡ 'ਚ ਨਜ਼ਰ ਆ ਰਹੀ ਹੈ | ਕਾਂਗਰਸ ਵਲੋਂ ਵੀ ਬਰਨਾਲਾ ਵਿਖੇ ਰਾਹੁਲ ਗਾਂਧੀ ਦੀ ਅਗਵਾਈ 'ਚ ਰੈਲੀ ਕਰਕੇ ਚੋਣ ਬਿਗਲ ਵਜਾ ਦਿੱਤਾ ਗਿਆ ਹੈ ਅਤੇ ਮਗਨਰੇਗਾ ਨੂੰ ਜਿਵੇਂ ਮੁੱਦਾ ਬਣਾਇਆ ਜਾ ਰਿਹਾ ਹੈ ਤੇ ਸੂਬਾ ਯੂਨਿਟ ਵਿਚ ਅਨੁਸ਼ਾਸਨ ਲਿਆਉਣ ਲਈ ਸਖ਼ਤ ਰੁਖ਼ ਵਿਖਾਇਆ ਗਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਵੀ ਹਰਿਆਣਾ 'ਚ ਹਾਰਨ ਤੋਂ ਬਾਅਦ ਪੰਜਾਬ ਨੂੰ ਅਤਿ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ | ਇਸੇ ਤਰ੍ਹਾਂ ਭਾਜਪਾ ਵਲੋਂ ਵੀ ਅਕਾਲੀਆਂ ਨਾਲ ਤੋੜ ਵਿਛੋੜੇ ਤੋਂ ਬਾਅਦ ਪੰਜਾਬ ਵਿਚ ਇਕੱਲੇ ਚੋਣ ਲੜਨ ਦਾ ਜੋ ਐਲਾਨ ਕੀਤਾ ਗਿਆ ਸੀ ਅਤੇ ਪਾਰਟੀ ਵਲੋਂ ਆਪਣੇ ਰਵਾਇਤੀ ਵੋਟਰ ਤੋਂ ਇਲਾਵਾ ਰਾਜ ਦੇ ਦਲਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ ਨੂੰ ਨਾਲ ਜੋੜਨ ਲਈ ਮਗਰਲੇ ਸਮੇਂ ਦੌਰਾਨ ਜਿਵੇਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਹਰਿਆਣਾ ਜਿਵੇਂ ਪੰਜਾਬ ਵਿਚ ਫੇਰੀਆਂ ਲਗਾ ਰਹੇ ਹਨ, ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੁਣ ਇਕ ਵੱਡੀ ਰੈਲੀ ਲਈ ਪੰਜਾਬ ਆ ਰਹੇ ਹਨ, ਉਸ ਤੋਂ ਭਾਜਪਾ ਦੀ ਪੰਜਾਬ ਸੰਬੰਧੀ ਦਿਲਚਸਪੀ ਸਪੱਸ਼ਟ ਹੈ | ਚਰਚਾ ਇਹ ਵੀ ਹੈ ਕਿ ਅਮਿਤ ਸ਼ਾਹ ਦੀ ਆਮਦ 'ਤੇ ਕੋਈ ਵੱਡਾ ਸਿਆਸੀ ਵਿਅਕਤੀ ਭਾਜਪਾ 'ਚ ਸ਼ਾਮਿਲ ਹੋ ਸਕਦਾ ਹੈ ਅਤੇ ਅਮਿਤ ਸ਼ਾਹ ਇਸ ਮੌਕੇ ਪੰਜਾਬ ਸੰਬੰਧੀ ਕੋਈ ਅਹਿਮ ਐਲਾਨ ਵੀ ਕਰ ਸਕਦੇ ਹਨ | ਸ਼ਹਿਰੀ ਤੇ ਨੀਮ ਸ਼ਹਿਰੀ ਖੇਤਰਾਂ 'ਚ ਤਾਂ ਭਾਜਪਾ ਦੀ ਪਕੜ ਹੈ ਪਰ ਦਿਹਾਤੀ ਪੰਜਾਬ ਤੱਕ ਪੁੱਜਣ ਲਈ ਕੀ ਭਾਜਪਾ ਕਿਸੇ ਅਕਾਲੀ ਧੜੇ ਨਾਲ ਗੱਠਜੋੜ ਕਰੇਗੀ ਜਾਂ ਨਹੀਂ, ਇਹ ਸਮਾਂ ਹੀ ਦੱਸੇਗਾ | ਅਕਾਲੀ ਦਲ (ਬਾਦਲ) ਭਾਵੇਂ ਮਗਰਲੇ ਕੁਝ ਸਮੇਂ ਤੋਂ ਸਰਗਰਮੀ ਜਾਰੀ ਰੱਖ ਰਿਹਾ ਹੈ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਪੱਧਰ 'ਤੇ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਵੀ ਜਾਰੀ ਰੱਖ ਰਹੇ ਹਨ, ਜਿਥੇ ਉਨ੍ਹਾਂ ਨੂੰ ਹੁੰਗਾਰਾ ਵੀ ਮਿਲ ਰਿਹਾ ਹੈ | ਪਰ ਹੁਣ ਦੂਜੇ ਅਕਾਲੀ ਧੜੇ ਪੁਨਰ ਸੁਰਜੀਤ ਅਕਾਲੀ ਦਲ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਵੀ ਆਪਣੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ | ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਗਰ ਸ਼ੋ੍ਰਮਣੀ ਕਮੇਟੀ ਚੋਣਾਂ ਨੂੰ ਮੁੱਦਾ ਬਣਾਇਆ ਜਾਂਦਾ ਹੈ ਅਤੇ ਜੇ ਪਾਰਟੀ ਚਾਲੂ ਸਾਲ ਦੌਰਾਨ ਹੀ ਸ਼ੋ੍ਰਮਣੀ ਕਮੇਟੀ ਚੋਣਾਂ ਕਰਵਾਉਣ ਲਈ ਕਾਮਯਾਬ ਹੁੰਦੀ ਹੈ, ਤਾਂ ਪੰਜਾਬ 'ਚ ਪੰਥਕ ਰਾਜਨੀਤੀ ਵਿਚ ਨਿਖਾਰ ਵੀ ਆ ਸਕਦਾ ਹੈ | ਪਰ ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ 'ਚ ਵੀ ਪੰਜਾਬ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਭਾਜਪਾ ਜਾਂ ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸੰਬੰਧੀ ਕਿਸੇ ਤਰ੍ਹਾਂ ਵੀ ਚਿੰਤਤ ਨਜ਼ਰ ਨਹੀਂ ਆ ਰਹੀਆਂ ਅਤੇ ਨਾ ਹੀ ਉਥੇ ਪੰਜਾਬ ਵਰਗਾ ਚੋਣ ਬੁਖ਼ਾਰ ਦਿਸ ਰਿਹਾ ਹੈ | ਪੰਜਾਬ ਵਿਧਾਨ ਸਭਾ ਦੀ ਚੋਣ 'ਚ ਕਾਂਗਰਸ ਨੂੰ ਅੱਗੇ ਵਧਣ ਤੋਂ ਰੋਕਣਾ ਭਾਜਪਾ ਲਈ ਤਾਂ ਜ਼ਰੂਰੀ ਜਾਂ ਵੱਕਾਰੀ ਮੁੱਦਾ ਹੋ ਸਕਦਾ ਹੈ ਪਰ ਪੰਜਾਬ ਦੀ ਚੋਣ ਨੂੰ ਕੌਮੀ ਪੱਧਰ 'ਤੇ ਵੀ ਜਿਵੇਂ ਮਹੱਤਤਾ ਮਿਲ ਰਹੀ ਹੈ, ਉਹ ਰਾਜਸੀ ਹਲਕਿਆਂ ਲਈ ਹੈਰਾਨੀ ਤੇ ਦਿਲਚਸਪੀ ਵਾਲਾ ਮੁੱਦਾ ਹੈ |
ਪੰਜਾਬ ਦੇ ਸਿਆਸੀ ਦਲ ਆਏ ਸਮੇਂ ਤੋਂ ਪਹਿਲਾਂ ਹੀ ਚੋਣ ਮੋਡ 'ਚ <br/>
ਅਜੀਤ ਡੈਸਕ
03-03-2026