ਫ਼ਿਲਹਾਲ ਤੇਲ ਖਪਤਕਾਰਾਂ 'ਤੇ ਬੋਝ ਪੈਣ ਦੀ ਸੰਭਾਵਨਾ ਨਹੀਂ
ਮੂਣਕ, 3 ਮਾਰਚ (ਕੇਵਲ ਸਿੰਗਲਾ)-ਮੱਧ ਪੂਰਬ ਵਿਚ ਵਧ ਰਹੇ ਤਣਾਅ ਦੇ ਦਰਮਿਆਨ ਈਰਾਨ ਵਲੋਂ 'ਸਟਰੇਟ ਆਫ਼ ਹੋਰਮੁਜ਼' ਰਾਹੀਂ ਜਹਾਜ਼ਰਾਨੀ ਪ੍ਰਭਾਵਿਤ ਕਰਨ ਦੀਆਂ ਖ਼ਬਰਾਂ ਨਾਲ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ | ਇਹ ਅਹਿਮ ਜਲ ਰਸਤਾ ਈਰਾਨ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਦਾ ਹੈ ਅਤੇ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਕੱਚੇ ਤੇਲ ਦੀ ਆਵਾਜਾਈ ਇਥੋਂ ਹੁੰਦੀ ਹੈ | ਅੰਦਾਜ਼ੇ ਅਨੁਸਾਰ ਭਾਰਤ ਨੂੰ ਤਕਰੀਬਨ 40 ਫ਼ੀਸਦੀ ਕੱਚਾ ਤੇਲ ਇਸੇ ਰਸਤੇ ਰਾਹੀਂ ਪ੍ਰਾਪਤ ਹੁੰਦਾ ਹੈ | ਭਾਰਤ ਆਪਣੀ ਲਗਭਗ 85 ਫ਼ੀਸਦੀ ਤੋਂ ਵੱਧ ਤੇਲ ਦੀ ਲੋੜ ਦਰਾਮਦ ਰਾਹੀਂ ਪੂਰੀ ਕਰਦਾ ਹੈ | ਸਾਊਦੀ ਅਰਬ, ਇਰਾਕ, ਯੂ.ਏ.ਈ. ਅਤੇ ਕੁਵੈਤ ਵਰਗੇ ਦੇਸ਼ ਇਸ ਦੇ ਮੁੱਖ ਸਪਲਾਇਰ ਹਨ | ਜੇ ਇਹ ਰਸਤਾ ਲੰਮੇ ਸਮੇਂ ਲਈ ਬੰਦ ਜਾਂ ਗੰਭੀਰ ਤੌਰ 'ਤੇ ਪ੍ਰਭਾਵਿਤ ਰਹਿੰਦਾ ਹੈ ਤਾਂ ਦੇਸ਼ ਵਿਚ ਸਪਲਾਈ ਘਾਟ ਅਤੇ ਕੀਮਤਾਂ ਵਿਚ ਤੇਜ਼ ਉਛਾਲ ਆ ਸਕਦਾ ਹੈ | ਪਿਛਲੇ ਕੁਝ ਦਿਨਾਂ ਵਿਚ ਹੀ ਕੱਚੇ ਤੇਲ ਦੀ ਕੀਮਤ ਵੱਧ ਕੇ ਕਰੀਬ 84 ਡਾਲਰ ਪ੍ਰਤੀ ਬੈਰਲ ਹੋ ਗਈ ਹੈ | ਊਰਜਾ ਖੇਤਰ ਦੇ ਮਾਹਰਾਂ ਅਨੁਸਾਰ ਜੇ ਸੰਕਟ ਲੰਮਾ ਖਿੱਚਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ 100 ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ | ਇਸ ਨਾਲ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋ ਸਕਦੇ ਹਨ | ਹਾਲਾਂਕਿ, ਤੇਲ ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰੀ ਤੇਲ ਕੰਪਨੀਆਂ ਕੋਲ ਤੇਲ ਭੰਭਾਰ ਮੌਜੂਦ ਹੈ, ਜਿਸ ਕਰਕੇ ਤੁਰੰਤ ਕੀਮਤਾਂ ਵਿਚ ਵੱਡਾ ਵਾਧਾ ਨਾ ਵੀ ਹੋਵੇ ਪਰ ਲੰਬੇ ਸਮੇਂ ਵਿਚ ਅਸਰ ਅਟੱਲ ਹੈ | ਭਾਰਤ ਕੋਲ ਰਣਨੀਤਿਕ ਤੇਲ ਭੰਡਾਰ ਲਗਭਗ 9-10 ਦਿਨਾਂ ਦੀ ਦਰਾਮਦ ਕਵਰ ਕਰਦਾ ਹੈ | ਵਪਾਰਕ ਸਮੇਤ ਇਹ ਕਰੀਬ 60 ਦਿਨਾਂ ਦੀ ਲੋੜ ਪੂਰੀ ਕਰ ਸਕਦਾ ਹੈ ਪਰ ਜੇ ਸੰਕਟ ਲੰਮਾ ਚੱਲਦਾ ਹੈ ਤਾਂ ਇਹ ਪ੍ਰਬੰਧ ਘੱਟ ਸਾਬਤ ਹੋ ਸਕਦੇ ਹਨ | ਇਸ ਨਾਲ ਵਪਾਰ ਘਾਟਾ ਵਧੇਗਾ, ਰੁਪਏ 'ਤੇ ਦਬਾਅ ਪਵੇਗਾ ਅਤੇ ਮਹਿੰਗਾਈ ਵਿਚ ਵਾਧਾ ਹੋ ਸਕਦਾ ਹੈ | ਡੀਜ਼ਲ ਮਹਿੰਗਾ ਹੋਣ ਦੀ ਸੂਰਤ ਵਿਚ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਰਾਜਾਂ ਵਿਚ ਖੇਤੀ ਦੀ ਲਾਗਤ ਵਧ ਸਕਦੀ ਹੈ | ਟਰੈਕਟਰ, ਟਿਊਬਵੈੱਲ ਅਤੇ ਆਵਾਜਾਈ ਖ਼ਰਚ ਵਧਣ ਨਾਲ ਕਿਸਾਨਾਂ 'ਤੇ ਆਰਥਿਕ ਬੋਝ ਪੈ ਸਕਦਾ ਹੈ, ਜਿਸ ਦਾ ਅਸਰ ਆਮ ਜਨਤਾ ਤੱਕ ਵੀ ਪਹੁੰਚੇਗਾ | ਮਾਹਰਾਂ ਅਨੁਸਾਰ ਸਰਕਾਰ ਰੂਸ ਵਰਗੇ ਬਦਲਵੇਂ ਸਰੋਤਾਂ ਤੋਂ ਦਰਾਮਦ ਵਧਾ ਸਕਦੀ ਹੈ | ਇਸ ਤੋਂ ਇਲਾਵਾ ਐਕਸਾਈਜ਼ ਡਿਊਟੀ ਵਿਚ ਕਟੌਤੀ ਜਾਂ ਰਣਨੀਤਿਕ ਭੰਡਾਰ ਜਾਰੀ ਕਰਕੇ ਕੀਮਤਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ | ਜੇ ਮੱਧ ਪੂਰਬ ਦਾ ਸੰਕਟ ਵਿਸ਼ਵ ਪੱਧਰ 'ਤੇ ਹੋਰ ਗੰਭੀਰ ਰੂਪ ਧਾਰ ਲੈਂਦਾ ਹੈ ਤਾਂ ਭਾਰਤ ਨੂੰ ਤੇਲ ਸਪਲਾਈ ਝਟਕੇ, ਵਧਦੀ ਮਹਿੰਗਾਈ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਸਟਰੇਟ ਆਫ਼ ਹੋਰਮੁਜ਼ ਬੰਦ, ਭਾਰਤ ਲਈ ਤੇਲ ਸੰਕਟ ਦੀ ਘੰਟੀ
ਅਜੀਤ ਡੈਸਕ
04-03-2026