ਪਾਕਿ ਨੇ ਜਲਾਲਾਬਾਦ 'ਚ ਤਾਲਿਬਾਨ ਦੇ ਟਿਕਾਣਿਆਂ 'ਤੇ ਕੀਤੇ ਨਵੇਂ ਹਵਾਈ ਹਮਲੇ
ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਪਿਛਲੇ ਪੰਜ ਦਿਨਾਂ ਤੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਡੁਰੰਡ ਲਾਈਨ 'ਤੇ ਲੜਾਈ ਜਾਰੀ ਹੈ | ਇਸ ਦੌਰਾਨ ਅਫ਼ਗਾਨ ਫ਼ੌਜ ਨੇ ਪਾਕਿਸਤਾਨੀ ਹਵਾਈ ਫ਼ੌਜ ਵਲੋਂ ਕੀਤੇ ਗਏ ਹਵਾਈ ਹਮਲਿਆਂ ਦਾ ਸਖ਼ਤ ਜਵਾਬ ਦਿੰਦਿਆਂ ਪਾਕਿ ਫ਼ੌਜੀ ਸਥਾਪਨਾਵਾਂ 'ਤੇ ਜਵਾਬੀ ਹਮਲੇ ਜਾਰੀ ਰੱਖੇ ਹੋਏ ਹਨ | ਬੀਤੀ ਦੇਰ ਸ਼ਾਮ ਅਫ਼ਗਾਨ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਤਾਲਿਬਾਨ ਫ਼ੌਜਾਂ ਨੇ ਪਕਤਿਕਾ ਸੂਬੇ 'ਚ ਇਕ ਪਾਕਿਸਤਾਨੀ ਬਖ਼ਤਰਬੰਦ ਟੈਂਕ ਨੂੰ ਤਬਾਹ ਕਰ ਦਿੱਤਾ, ਜੋ ਅਫ਼ਗਾਨ ਖੇਤਰ ਵੱਲ ਅੰਨ੍ਹੇਵਾਹ ਗੋਲੀਬਾਰੀ ਕਰ ਰਿਹਾ ਸੀ | ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖੋਰਾਜ਼ਮੀ ਨੇ ਦਾਅਵਾ ਕੀਤਾ ਕਿ ਅਫ਼ਗਾਨ ਫ਼ੌਜਾਂ ਨੇ ਹੁਣ ਤੱਕ 100 ਤੋਂ ਵੱਧ ਪਾਕਿਸਤਾਨੀਆਂ ਨੂੰ ਮਾਰ ਦਿੱਤਾ ਹੈ ਅਤੇ 25 ਤੋਂ ਵੱਧ ਫ਼ੌਜੀ ਚੌਕੀਆਂ 'ਤੇ ਆਪਣਾ ਝੰਡਾ ਲਹਿਰਾਇਆ ਹੈ | ਅਫ਼ਗਾਨ ਰੱਖਿਆ ਮੰਤਰਾਲੇ ਵਲੋਂ ਜਾਰੀ ਰਿਪੋਰਟ ਅਨੁਸਾਰ ਤਾਲਿਬਾਨ ਦੀਆਂ ਫ਼ੌਜਾਂ ਨੇ 2,600 ਕਿਲੋਮੀਟਰ ਲੰਬੀ ਡੁਰੰਡ ਲਾਈਨ ਸਰਹੱਦ 'ਤੇ ਕਈ ਮੁੱਖ ਪਾਕਿਸਤਾਨੀ ਫ਼ੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ | ਇਨ੍ਹਾਂ ਹਮਲਿਆਂ 'ਚ ਕਾਬੁਲ ਦੇ ਨਾਲ ਲੱਗਦੇ ਖੇਤਰ ਖੋਸਤ ਦਾ ਅਲੀ ਸ਼ੇਰ ਜ਼ਿਲ੍ਹਾ ਅਤੇ ਜਲਾਲਾਬਾਦ ਅਤੇ ਕੰਧਾਰ ਦੇ ਸਰਹੱਦੀ ਖੇਤਰ ਸ਼ਾਮਿਲ ਹਨ | ਅਫ਼ਗਾਨ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੀਆਂ ਫ਼ੌਜਾਂ ਨੇ ਕੰਧਾਰ ਸੂਬੇ ਦੇ ਸਪਿਨ ਬੋਲਡਕ ਅਤੇ ਸ਼ੋਰਾਬਕ ਜ਼ਿਲਿ੍ਹਆਂ 'ਚ ਕਈ ਪਾਕਿਸਤਾਨੀ ਫ਼ੌਜੀ ਚੌਕੀਆਂ ਦਾ ਕੰਟਰੋਲ ਆਪਣੇ ਕਬਜ਼ੇ 'ਚ ਲੈ ਲਿਆ ਹੈ | ਇਸ ਤੋਂ ਇਲਾਵਾ ਅਲੀ ਸ਼ੇਰ ਜ਼ਿਲ੍ਹੇ 'ਚ ਦੋ ਹੋਰ ਪਾਕਿਸਤਾਨੀ ਚੌਕੀਆਂ ਹੁਣ ਅਫ਼ਗਾਨ ਫ਼ੌਜ ਦੇ ਕੰਟਰੋਲ ਹੇਠ ਹਨ | ਅਫ਼ਗਾਨ ਪੁਲਿਸ ਨੇ ਇਹ ਵੀ ਰਿਪੋਰਟ ਦਿੱਤੀ ਕਿ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਕਾਬੁਲ ਦੇ ਨੇੜੇ ਸਥਿਤ ਬਗਰਾਮ ਏਅਰ ਬੇਸ 'ਤੇ ਬੰਬਾਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਫ਼ਗਾਨ ਹਵਾਈ ਰੱਖਿਆ ਪ੍ਰਣਾਲੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਹਮਲੇ ਨੂੰ ਨਾਕਾਮ ਕਰ ਦਿੱਤਾ | ਬਗਰਾਮ ਏਅਰ ਬੇਸ ਪਹਿਲਾਂ ਇਕ ਵੱਡਾ ਅਮਰੀਕੀ ਫ਼ੌਜੀ ਅੱਡਾ ਸੀ | ਦੂਜੇ ਪਾਸੇ, ਪਾਕਿ ਨੇ ਦਾਅਵਾ ਕੀਤਾ ਹੈ ਕਿ ਆਪ੍ਰੇਸ਼ਨ 'ਗਜ਼ਬ ਲਿਲ-ਹੱਕ' ਤਹਿਤ ਅਫ਼ਗਾਨ ਤਾਲਿਬਾਨ ਵਿਰੁੱਧ ਪਾਕਿਸਤਾਨੀ ਫ਼ੌਜਾਂ ਵਲੋਂ ਜਵਾਬੀ ਹਵਾਈ ਹਮਲੇ ਜਾਰੀ ਹਨ | ਅਫ਼ਗਾਨਿਸਤਾਨ ਦੇ ਜਲਾਲਾਬਾਦ 'ਚ ਤਾਜ਼ਾ ਆਪ੍ਰੇਸ਼ਨ ਦੌਰਾਨ ਇਕ ਗੋਲਾ ਬਾਰੂਦ ਡਿਪੂ ਅਤੇ ਇਕ ਡਰੋਨ ਸਟੋਰੇਜ ਸਹੂਲਤ ਨੂੰ ਤਬਾਹ ਕਰ ਦਿੱਤਾ ਗਿਆ | ਇਕ ਸੀਨੀਅਰ ਪਾਕਿ ਸੁਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਪਾਕਿ ਦੇ ਚੱਲ ਰਹੇ ਆਪ੍ਰੇਸ਼ਨ ਦੀ ਮਿਆਦ ਅਫ਼ਗਾਨ ਤਾਲਿਬਾਨ ਸ਼ਾਸਨ ਵਲੋਂ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ 'ਤੇ ਨਿਰਭਰ ਕਰੇਗੀ | ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ 180 ਤੋਂ ਵੱਧ ਚੌਕੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ 30 ਤੋਂ ਵੱਧ ਮੁੱਖ ਸਥਾਨਾਂ ਦਾ ਕੰਟਰੋਲ ਸੁਰੱਖਿਅਤ ਕਰ ਲਿਆ ਗਿਆ ਹੈ |
ਤਾਲਿਬਾਨ ਵਲੋਂ ਪਾਕਿ ਦੀਆਂ 25 ਤੋਂ ਵੱਧ ਚੌਕੀਆਂ 'ਤੇ ਕਬਜ਼ਾ-100 ਤੋਂ ਵੱਧ ਸੈਨਿਕ ਮਾਰੇ
ਅਜੀਤ ਡੈਸਕ
04-03-2026