ਦੁਬਈ 'ਚ ਫਸੇ ਲੋਕ ਵਾਪਸ ਪਰਤੇ
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਮੱਧ ਪੂਰਬ 'ਚ ਵਧਦੇ ਤਣਾਅ ਦਰਮਿਆਨ ਮੰਗਲਵਾਰ ਨੂੰ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਹਵਾਈ ਅੱਡਿਆਂ ਤੋਂ 250 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਜਦਕਿ ਮੰਗਲਵਾਰ ਸਵੇਰ ਨੂੰ ਏਅਰ ਇੰਡੀਆ ਦੀ ਫਲਾਈਟ ਰਾਹੀਂ ਦੁਬਈ ਤੋਂ 149 ਮੁਸਾਫ਼ਰ ਅਤੇ 8 ਕੈਬਿਨ ਕਰੂ ਦਿੱਲੀ ਵਾਪਸ ਪਰਤੇ | ਦੁਬਈ 'ਚ ਫਸੀ ਭਾਰਤੀ ਬੈਂਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਵੀ ਵਾਪਸ ਭਾਰਤ ਪਹੁੰਚ ਗਈ ਹੈ | ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ 'ਤੇ 107 ਉਡਾਣਾਂ ਰੱਦ ਕੀਤੀਆਂ ਗਈਆਂ, ਇਨ੍ਹਾਂ 'ਚ 54 ਆਉਣ ਵਾਲੀਆਂ ਅਤੇ 53 ਜਾਣ ਵਾਲੀਆਂ ਉਡਾਣਾਂ ਸ਼ਾਮਿਲ ਸਨ | ਕੋਲਕਾਤਾ ਹਵਾਈ ਅੱਡੇ ਤੋਂ 10 ਉਡਾਣਾਂ ਰੱਦ ਕੀਤੀਆਂ ਗਈਆਂ ਜਿਨ੍ਹਾਂ 'ਚੋਂ 5 ਆਉਣ ਵਾਲੀਆਂ ਅਤੇ 5 ਜਾਣ ਵਾਲੀਆਂ ਉਡਾਣਾਂ ਸ਼ਾਮਿਲ ਸਨ | ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 80 ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਗਈਆਂ ਜਿਨ੍ਹਾਂ 'ਚ 36 ਜਾਣ ਵਾਲੀਆਂ ਅਤੇ 44 ਆਉਣ ਵਾਲੀਆਂ ਉਡਾਣਾਂ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਮੱਧ ਪੂਰਬੀ ਖਿੱਤੇ 'ਚ 90 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ | ਇਨ੍ਹਾਂ 'ਚੋਂ ਸਭ ਤੋਂ ਵੱਧ ਭਾਰਤੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਹਨ, ਜਿਥੇ ਤਕਰੀਬਨ 43 ਲੱਖ ਭਾਰਤੀ ਹਨ, ਜੋ ਕੁੱਲ ਆਬਾਦੀ ਦਾ ਤਕਰੀਬਨ 35 ਫ਼ੀਸਦੀ ਹਨ | ਸੋਮਵਾਰ ਦੇਰ ਰਾਤ ਨੂੰ ਐਮੀਰੇਟਸ ਦੀਆਂ ਦੁਬਈ ਤੋਂ ਮੁੰਬਈ, ਹੈਦਰਾਬਾਦ, ਬੈਂਗਲੂਰੁ ਅਤੇ ਚੇਨਈ ਲਈ ਚਾਰ ਉਡਾਣਾਂ ਉਤਰੀਆਂ, ਜਿਨ੍ਹਾਂ 'ਚ ਕਈ ਮੁਸਾਫ਼ਰ ਸਵਾਰ ਸਨ | ਇੰਡੀਗੋ ਮੰਗਲਵਾਰ ਤੋਂ ਜੇਦਾਹ ਤੋਂ ਹੈਦਰਾਬਾਦ, ਮੁੰਬਈ, ਦਿੱਲੀ ਅਤੇ ਅਹਿਮਦਾਬਾਦ ਲਈ 10 ਵਿਸ਼ੇਸ਼ ਉਡਾਣਾਂ ਚਲਾ ਰਿਹਾ ਹੈ | ਏਅਰ ਇੰਡੀਆ ਐਕਸਪ੍ਰੈੱਸ ਨੇ ਮਸਕਟ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ |
ਭਾਰਤ ਦੇ 4 ਹਵਾਈ ਅੱਡਿਆਂ 'ਤੇ 250 ਤੋਂ ਵੱਧ ਉਡਾਣਾਂ ਰੱਦ
ਅਜੀਤ ਡੈਸਕ
04-03-2026