14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲਾ ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026

ਪੰਥ ਪ੍ਰਸਿੱਧ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ, ਗੁਰ ਇਤਿਹਾਸ ਤੇ ਕਥਾ ਵਿਚਾਰਾਂ ਰਾਹੀਂ ਜੋੜਿਆ
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਰਬੰਸਦਾਨੀ ਤੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਅਤੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਪਾਵਨ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਤਿੰਨ ਰੋਜ਼ਾ ਕੌਮੀ ਤਿਉਹਾਰ ਅਤੇ ਜੋੜ ਮੇਲੇ ਹੋਲਾ ਮਹੱਲਾ ਦੇ ਦੂਜੇ ਦਿਨ ਦੇਸ਼ਾਂ-ਵਿਦੇਸ਼ਾਂ ਤੋਂ ਵਹੀਰਾਂ ਘੱਤ ਪਹੁੰਚੀਆਂ ਲੱਖਾਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਇਤਿਹਾਸਕ ਧਾਰਮਿਕ ਅਸਥਾਨ, ਜਿਨ੍ਹਾਂ 'ਚ ਗੁਰਦੁਆਰਾ ਗੁਰੂ ਕੇ ਮਹਿਲ, ਭੋਰਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ, ਗੁਰਦੁਆਰਾ ਹੋਲਗੜ੍ਹ ਸਾਹਿਬ ਅਤੇ ਗੁਰਦੁਆਰਾ ਕਿਲ੍ਹਾ ਤਾਰਾਗੜ੍ਹ ਸਾਹਿਬ ਆਦਿ 'ਤੇ ਘੰਟਿਆਂ-ਬੱਧੀ ਕਤਾਰਾਂ 'ਚ ਲੱਗ ਕੇ ਨਤਮਸਤਕ ਹੋਈਆਂ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ 'ਚ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ ਆਦਿ ਨੇ ਸੰਬੋਧਨ 'ਚ ਸੰਗਤਾਂ ਨੂੰ ਹੋਲੇ ਮਹੱਲੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜੋ ਤਿਆਗ ਦਾ ਸੰਦੇਸ਼ ਦਿੰਦੀ ਹੈ ਅਤੇ ਜੁਲਮ ਖ਼ਿਲਾਫ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਵੀ  ਕਰਦੀ ਹੈ | ਤਖ਼ਤ ਸਾਹਿਬ ਵਿਖੇ ਹੋਲੇ ਮਹੱਲੇ ਦੇ ਚੱਲ ਰਹੇ ਸਮਾਗਮ 'ਚ ਬਸੰਤ ਰਾਗ 'ਤੇ ਅਧਾਰ ਕੀਰਤਨ ਦਰਬਾਰ ਕਰਵਾਏ ਗਏ, ਜਿਸ 'ਚ ਪੰਥ ਦੇ ਮਹਾਨ ਕੀਰਤਨੀਏ, ਕਥਾ ਵਾਚਕ, ਕਵੀਸ਼ਰ, ਢਾਡੀ, ਕਵੀ ਅਤੇ ਪ੍ਰਚਾਰਕਾਂ ਜਿਨ੍ਹਾਂ 'ਚ ਹਜ਼ੂਰੀ ਰਾਗੀ ਭਾਈ ਤਜੇਸ਼ਵਰ ਸਿੰਘ, ਕਥਾ ਵਾਚਕ ਭਾਈ ਸੁਖਦੇਵ ਸਿੰਘ ਪਟਨਾ ਸਾਹਿਬ ਵਾਲੇ, ਭਾਈ ਜਸਵੀਰ ਸਿੰਘ ਰਿਆੜ, ਗਿਆਨੀ ਜਸਵੰਤ ਸਿੰਘ ਪਰਵਾਨਾ, ਭਾਈ ਕੁਲਦੀਪ ਸਿੰਘ ਤੇ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਸੁਹਾਣਾ ਵਾਲੇ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਪਾਵਨ ਸ਼ਾਸਤਰਾਂ ਦੇ ਦਰਸ਼ਨ ਅਤੇ ਸੰਖੇਪ ਇਤਿਹਾਸ ਤੋਂ ਜਾਣੂ ਕਰਵਾਇਆ | ਅੱਜ ਦੇ ਸਮਾਗਮਾਂ ਦੌਰਾਨ ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਾਬਕਾ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਪਰਮਪਾਲ ਸਿੰਘ ਸਭਰਾਵਾਂ, ਐਡਵੋਕੇਟ ਗੁਰਜੀਤ ਸਿੰਘ ਤਲਵੰਡੀ, ਮਨਜੀਤ ਸਿੰਘ ਭੋਮਾ ਫੈਡਰੇਸ਼ਨ ਆਗੂ ਤੋਂ ਇਲਾਵਾ ਵੱਡੀ ਗਿਣਤੀ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਤਖ਼ਤ ਸਾਹਿਬ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਤੇ ਸੰਦੀਪ ਸਿੰਘ ਕਲੋਤਾ, ਜਥੇਦਾਰ ਮੋਹਣ ਸਿੰਘ ਢਾਹੇ, ਗੁਰਿੰਦਰ ਸਿੰਘ, ਮਨਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਦੇਬੀ, ਦਵਿੰਦਰ ਸਿੰਘ ਢਿੱਲੋਂ, ਸੁਖਬੀਰ ਸਿੰਘ ਕਲਮਾਂ, ਹਰਦੇਵ ਸਿੰਘ, ਮਾਤਾ ਗੁਰਚਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਤੇਜਿੰਦਰ ਕੌਰ, ਬੀਬੀ ਸੁਰਿੰਦਰ ਪਾਲ ਕੌਰ, ਬੀਬੀ ਮਨਜੀਤ ਕੌਰ, ਬੀਬੀ ਗੁਰਜੀਤ ਕੌਰ ਤੇ ਬੀਬੀ ਜਸਵੰਤ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ |
ਗੁਰੂ ਕੀਆਂ ਲਾਡਲੀਆਂ ਫ਼ੌਜਾਂ ਅੱਜ ਸਜਾਉਣਗੀਆਂ ਮਹੱਲਾ-ਬਾਬਾ ਬਲਬੀਰ ਸਿੰਘ
ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ, ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਸੰਪਰਦਾ ਦਲ ਬਾਬਾ ਬਿਧੀ ਚੰਦ ਤੇ ਬਾਬਾ ਨਾਗਰ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਮਾਰਚ ਨੂੰ ਸਮੂਹ ਨਿਹੰਗ ਸਿੰਘ ਫ਼ੌਜਾਂ ਆਪਣੇ ਦਲਾਂ ਸਮੇਤ ਮਹੱਲਾ ਸਜਾਉਣਗੀਆਂ ਅਤੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਗਤਕੇਬਾਜ਼ੀ, ਨੇਜ਼ੇਬਾਜ਼ੀ ਅਤੇ ਘੋੜਸਵਾਰੀ ਦੇ ਜੰਗਜੂੰ ਕਰਤੱਵ ਦਿਖਾਉਣਗੀਆਂ |
ਗੁਰਦੁਆਰਾ ਅਜੀਤਗੜ੍ਹ ਸਾਹਿਬ ਵਿਖੇ ਅੱਜ ਸੰਪੂਰਨ ਹੋਣਗੇ ਗੁਰਮਤਿ ਸਮਾਗਮ-ਬਾਬਾ ਨਾਗਰ ਸਿੰਘ
ਗੁਰਦੁਆਰਾ ਅਜੀਤਗੜ੍ਹ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਆਦਿ ਵਿਖੇ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਨੇ ਕਿਹਾ ਕਿ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵਲੋਂ ਖ਼ਾਲਸਾਈ ਰਵਾਇਤਾਂ ਨਾਲ ਮਹੱਲਾ ਸਜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਤਰਨਾ ਦਲ ਹਰੀਆਂ ਵੇਲਾ ਵਲੋਂ ਗੁਰਦੁਆਰਾ ਅਜੀਤਗੜ੍ਹ ਸਾਹਿਬ ਵਿਖੇ 28 ਫਰਵਰੀ ਤੋਂ ਹੀ ਗੁਰਮਤਿ ਸਮਾਗਮ ਆਰੰਭ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ 4 ਮਾਰਚ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਤਰਨਾ ਦਲ ਹਰੀਆਂ ਵੇਲਾ ਮਿਸਲ ਸ਼ਹੀਦਾਂ ਵਲੋਂ ਮਹੱਲਾ ਸਜਾਇਆ ਜਾਵੇਗਾ |
ਗੁਰੂ ਕੀਆਂ ਲਾਡਲੀਆਂ ਫ਼ੌਜਾਂ ਮਹੱਲੇ ਲਈ ਪੂਰੀ ਤਰ੍ਹਾਂ ਤਿਆਰ-ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ
ਗੁਰਦੁਆਰਾ ਭਵਿੱਖਤਸਰ ਸਾਹਿਬ ਵਿਖੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਨੇ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਹੋਲੇ ਮਹੱਲੇ ਦੀ ਸਮਾਪਤੀ ਮੌਕੇ 4 ਮਾਰਚ ਨੂੰ ਸਜਾਏ ਜਾਣ ਵਾਲੇ ਮਹੱਲੇ ਮੌਕੇ ਜੰਗਜੂ ਕਰਤੱਬ, ਘੋੜਸਵਾਰੀ, ਨੇਜ਼ੇਬਾਜ਼ੀ ਅਤੇ ਗਤਕੇ ਦੇ ਜੌਹਰ ਦਿਖਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਏਅਰਲਾਈਨਾਂ ਅੱਜ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ ਅਗਲੀ ਖ਼ਬਰ ਪੰਜਾਬ ਦੇ 2026-27 ਦੇ ਬਜਟ 'ਚ ਵਾਧੇ ਦੇ ਆਸਾਰ
Ad Position 24