ਹਰਜਿੰਦਰ ਸਿੰਘ ਲਾਲ
ਖੰਨਾ, 7 ਮਾਰਚ-ਈਰਾਨ ਤੇ ਅਮਰੀਕਾ-ਇਜ਼ਰਾਈਲ ਦੀ ਜੰਗ ਨੇ ਭਾਰਤੀ ਅਰਥਵਿਵਸਥਾ ਨੂੰ ਗੰਭੀਰ ਝਟਕਾ ਦਿੱਤਾ ਹੈ | ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ, ਸਮੁੰਦਰੀ ਰਸਤਿਆਂ ਦੀਆਂ ਸਮੱਸਿਆਵਾਂ ਅਤੇ ਖਾੜੀ ਖੇਤਰ 'ਚ ਅਸਥਿਰਤਾ ਕਾਰਨ ਪੰਜਾਬ, ਹਰਿਆਣਾ ਅਤੇ ਕੇਰਲ ਵਰਗੇ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਪੰਜਾਬ ਤੇ ਹਰਿਆਣਾ ਦੇ ਬਾਸਮਤੀ ਚੌਲ ਬਰਾਮਦ ਅਤੇ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਪੈਸੇ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ | ਖਾੜੀ ਦੇਸ਼ਾਂ 'ਚ ਰਹਿਣ ਵਾਲੇ ਲੱਖਾਂ ਪੰਜਾਬੀ ਅਤੇ ਸਿੱਖ ਅਨਿਸ਼ਚਿਤਤਾ 'ਚ ਜੀਅ ਰਹੇ ਹਨ | ਕੁਝ ਗੁਰਦੁਆਰਾ ਸਾਹਿਬ ਵੀ ਇਸ ਸੰਕਟ ਵਿਚ ਸੁਰੱਖਿਆ ਦੇ ਮੁੱਦੇ ਨਾਲ ਜੂਝ ਰਹੇ ਹਨ |
ਭਾਰਤ ਨੂੰ ਵਿਦੇਸ਼ਾਂ ਵਿਚ ਆਉਂਦੇ ਕੁੱਲ ਪੈਸੇ ਵਿਚੋਂ ਖਾੜੀ ਦੇਸ਼ਾਂ ਤੋਂ ਕਰੀਬ 38 ਤੋਂ 40 ਫ਼ੀਸਦੀ ਪੈਸਾ ਆਉਂਦਾ ਹੈ, ਇਨ੍ਹਾਂ ਦੇਸ਼ਾਂ ਵਿਚ ਲਗਪਗ 90 ਲੱਖ ਭਾਰਤੀ ਕੰਮ ਕਰਦੇ ਹਨ, ਜਿਨ੍ਹਾਂ ਵਿਚੋਂ ਯੂ. ਏ. ਈ. ਵਿਚ ਕਰੀਬ 40 ਲੱਖ, ਸਾਊਦੀ ਅਰਬ ਵਿਚ 30 ਲੱਖ, ਕਤਰ ਵਿਚ 8 ਲੱਖ ਭਾਰਤੀ ਕੰਮ ਕਰਦੇ ਹਨ | ਇਨ੍ਹਾਂ ਵਿਚ ਕੇਰਲ ਅਤੇ ਪੰਜਾਬ ਦਾ ਵੱਡਾ ਹਿੱਸਾ ਹੈ, ਜੇਕਰ ਇਹ ਜੰਗ ਲੰਮਾ ਸਮਾਂ ਜਾਰੀ ਰਹੀ ਤਾਂ ਅਸਥਿਰਤਾ, ਹਵਾਈ ਰਸਤਿਆਂ ਦੀ ਬੰਦੀ ਅਤੇ ਕੰਮ ਰੁਕਣ ਨਾਲ ਬਾਹਰੋਂ ਆਉਂਦਾ ਪੈਸਾ ਘਟੇਗਾ | ਖਾੜੀ ਦੇਸ਼ਾਂ ਵਿਚ ਬਹੁਤੇ ਪੰਜਾਬੀ ਅਤੇ ਸਿੱਖ ਉਸਾਰੀ, ਪ੍ਰਾਹੁਣਾਚਾਰੀ, ਸਰਵਿਸ, ਰਿਟੇਲ ਅਤੇ ਤੇਲ ਦੇ ਖੇਤਰਾਂ ਵਿਚ ਕੰਮ ਕਰਦੇ ਹਨ ਤੇ ਜੰਗ ਨਾਲ ਇਹੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ | ਕੁਝ ਲੋਕ ਕੰਮ ਨਾ ਮਿਲਣ ਕਾਰਨ ਅਤੇ ਕੁਝ ਜਾਨ ਦੇ ਖ਼ਤਰੇ ਕਾਰਨ ਵਾਪਸ ਆਉਣ ਲਈ ਮਦਦ ਮੰਗ ਰਹੇ ਹਨ | ਹਾਲਾਂਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰ ਵੀ ਰਹੀ ਹੈ |
ਖਾੜੀ ਖੇਤਰ 'ਚ ਗੁਰਦੁਆਰਿਆਂ ਦੀ ਸਥਿਤੀ ਅਤੇ ਭੂਮਿਕਾ
ਖਾੜੀ ਦੇਸ਼ਾਂ 'ਚ ਗੁਰਦੁਆਰੇ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਸਹਾਰਾ ਹਨ, ਪਰ ਜੰਗ ਕਾਰਨ ਚੁਣੌਤੀਆਂ ਵਧ ਗਈਆਂ ਹਨ | ਦੁਬਈ 'ਚ ਗੁਰਦੁਆਰਾ ਪਹਿਲੀ ਵਾਰ ਸੁਰੱਖਿਆ ਅਤੇ ਭੀੜ ਤੋਂ ਬਚਾਅ ਲਈ ਬੰਦ ਹੋਇਆ ਹੈ | ਈਰਾਨ ਦੀ ਰਾਜਧਾਨੀ ਤਹਿਰਾਨ ਵਿਚ 1941 ਤੋਂ ਸਥਾਪਿਤ ਸਿੰਘ ਸਭਾ ਗੁਰਦੁਆਰਾ ਜਿਸ 'ਚ 100 ਦੇ ਕਰੀਬ ਲੋਕ ਹਨ, ਬਿਲਕੁਲ ਅਲੱਗ ਥਲੱਗ ਪੈ ਗਿਆ ਹੈ | ਹਾਲਾਂਕਿ ਆਮ ਤੌਰ 'ਤੇ ਮੁਸ਼ਕਿਲਾਂ ਵਿਚ ਗੁਰਦੁਆਰੇ ਲੋਕਾਂ ਲਈ ਸੇਵਾ ਅਤੇ ਸਹਾਇਤਾ ਦਾ ਕੇਂਦਰ ਬਣਦੇ ਹਨ, ਪਰ ਹੁਣ ਇਹ ਸੁਰੱਖਿਆ ਅਤੇ ਸੰਚਾਰ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ |
ਖਾਦਾਂ ਤੇ ਗੈਸ ਦੀਆਂ ਕੀਮਤਾਂ ਵਧੀਆਂ
ਖਾੜੀ ਦੇਸ਼ਾਂ ਤੋਂ ਯੂਰੀਆ ਅਤੇ ਗੈਸ ਦੀ ਸਪਲਾਈ ਰੁਕਣ ਨਾਲ ਭਾਰਤ ਅਤੇ ਦੁਨੀਆ ਭਰ 'ਚ ਖਾਦਾਂ ਦਾ ਉਤਪਾਦਨ ਘਟ ਰਿਹਾ ਹੈ ਅਤੇ ਕੀਮਤਾਂ ਵਧ ਰਹੀਆਂ ਹਨ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ 'ਤੇ ਪਵੇਗਾ | ਸਰਕਾਰ ਨੇ ਰਾਹਤ ਉਪਾਅ ਸ਼ੁਰੂ ਕੀਤੇ ਹਨ, ਪਰ ਜੇ ਜੰਗ ਲੰਬੀ ਚੱਲੀ ਤਾਂ ਮਹਿੰਗਾਈ ਅਤੇ ਆਰਥਿਕ ਮੰਦੀ ਵਧੇਗੀ |
ਅਮਰੀਕਾ, ਕੈਨੇਡਾ, ਯੂਰਪ ਆਦਿ ਤੋਂ ਆਏ ਪੰਜਾਬੀ ਮੁਸ਼ਕਿਲਾਂ 'ਚ ਘਿਰੇ
ਈਰਾਨ ਤੇ ਅਮਰੀਕਾ-ਇਜ਼ਰਾਈਲ ਜੰਗ ਕਾਰਨ ਮੱਧ ਪੂਰਬ ਦੇ ਹਵਾਈ ਰਸਤੇ ਬੰਦ ਜਾਂ ਸੀਮਤ ਹੋਣ ਨਾਲ ਯੂਰਪ ਅਤੇ ਅਮਰੀਕੀ ਦੇਸ਼ਾਂ ਨੂੰ ਜਾਣ ਵਾਲੀਆਂ ਹਵਾਈ ਉਡਾਣਾਂ 'ਤੇ ਵੱਡਾ ਅਸਰ ਪਿਆ ਹੈ | ਸਰਦੀਆਂ 'ਚ ਪੰਜਾਬ ਆਏ ਹਜ਼ਾਰਾਂ ਪੰਜਾਬੀ ਪ੍ਰਵਾਸੀ ਉਡਾਣਾਂ ਰੱਦ ਹੋਣ ਨਾਲ ਪ੍ਰੇਸ਼ਾਨ ਹਨ, ਭਾਵੇਂ ਉਨ੍ਹਾਂ ਨੂੰ ਰੱਦ ਟਿਕਟਾਂ ਦੇ ਪੈਸੇ ਤਾਂ ਵਾਪਸ ਹੋ ਜਾਣਗੇ ਪਰ ਨਵੀਆਂ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ | ਇਸ ਵੇਲੇ ਰੋਜ਼ਾਨਾ 700 ਤੋਂ ਵੱਧ ਉਡਾਣਾਂ ਰੱਦ ਹੋ ਰਹੀਆਂ ਹਨ | ਹਾਲਾਤ ਇਹ ਹੈ ਕਿ ਭਾਰਤ-ਅਮਰੀਕਾ ਜਾਂ ਕੈਨੇਡਾ ਰੂਟਾਂ 'ਤੇ ਹਵਾਈ ਟਿਕਟਾਂ ਦੀਆਂ ਕੀਮਤਾਂ ਵਿਚ 100 ਤੋਂ 150 ਫ਼ੀਸਦੀ ਵਾਧਾ ਹੋਇਆ ਹੈ |
ਅਮਰੀਕਾ ਵਾਪਸ ਜਾਣ ਵਾਲੇ ਸਭ ਤੋਂ ਵੱਧ ਪ੍ਰੇਸ਼ਾਨ
ਵੈਸੇ ਤਾਂ ਵਾਪਸ ਜਾਣ ਵਾਲੇ ਬਹੁਤੇ ਪ੍ਰਵਾਸੀ ਪ੍ਰੇਸ਼ਾਨ ਹਨ ਪਰ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਕਾਰਨ ਅਮਰੀਕਾ ਵਾਪਸ ਜਾਣ ਵਾਲੇ ਗ੍ਰੀਨ ਕਾਰਡ ਜਾਂ ਵਰਕ ਵੀਜ਼ਾ ਵਾਲੇ ਪੰਜਾਬੀ ਸਭ ਤੋਂ ਵੱਧ ਚਿੰਤਤ ਹਨ | ਹਾਲਾਂਕਿ ਅਮਰੀਕੀ ਪ੍ਰਸ਼ਾਸਨ ਨੇ ਅਧਿਕਾਰਤ ਤੌਰ 'ਤੇ ਵਾਪਸੀ 'ਤੇ ਕੋਈ ਰੋਕ ਨਹੀਂ ਲਗਾਈ | ਪਰ ਪੰਜਾਬੀ ਪੀ.ਆਰ. ਵਾਲੇ ਡਰ ਰਹੇ ਹਨ ਕਿ ਜੇ ਸਮੇਂ ਸਿਰ ਵਾਪਸ ਨਾ ਜਾ ਸਕੇ ਤਾਂ ਉਨ੍ਹਾਂ ਦਾ ਸਟੇਟਸ ਖ਼ਤਮ ਹੋ ਸਕਦਾ ਹੈ ਜਾਂ ਉਹ ਨੌਕਰੀ ਗੁਆ ਸਕਦੇ ਹਨ |
ਮੱਧ ਪੂਰਬ 'ਚ ਜੰਗ ਨਾਲ ਭਾਰਤੀ ਆਰਥਿਕਤਾ ਨੂੰ ਨੁਕਸਾਨ <br/>
ਅਜੀਤ ਡੈਸਕ
08-03-2026