13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਭਾਰਤ-ਪਾਕਿ ਦਰਮਿਆਨ ਆਉਣ ਜਾਣ ਵਾਲੇ ਸਿੱਖ ਜਥੇ ਤੇ ਹੋਰ ਯਾਤਰੂਆਂ ਨੂੰ ਲੱਗੇਗਾ ਮੁਸਾਫ਼ਰ ਯਾਤਰਾ ਚਾਰਜ

Ad Position 21
No active advertisement
ਅਜੀਤ ਡੈਸਕ 02-04-2026

ਦੇਸ਼ ਨਾਲ ਲਗਦੀਆਂ ਵੱਖ-ਵੱਖ ਮੁਲਕਾਂ ਦੀਆਂ ਬੰਦਰਗਾਹਾਂ 'ਤੇ ਵੀ ਮੁਸਾਫ਼ਰ ਯਾਤਰਾ ਚਾਰਜ ਹੋਇਆ ਸ਼ੁਰੂ
ਅਟਾਰੀ ਸਰਹੱਦ (ਅੰਮਿ੍ਤਸਰ), 1 ਅਪ੍ਰੈਲ (ਰਾਜਿੰਦਰ ਸਿੰਘ ਰੂਬੀ)-ਭਾਰਤ ਸਰਕਾਰ ਦੇ ਵਿਭਾਗ ਲੈਂਡ ਪੋਰਟ ਅਥਾਰਟੀ ਇੰਡੀਆ ਅਧੀਨ ਆਉਂਦੀਆਂ ਵੱਖ-ਵੱਖ ਦੇਸ਼ਾਂ ਨਾਲ ਬਣੀਆਂ ਬੰਦਰਗਾਹਾਂ ਰਾਹੀਂ ਸਵਾਰੀਆਂ ਯਾਤਰੂਆਂ ਨੂੰ ਅਤੇ ਭਾਰਤ ਤੋਂ ਪਾਕਿਸਤਾਨ ਦੇਸ਼ਾਂ ਵਿਚ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਮੁਸਾਫ਼ਰ ਯਾਤਰੀ ਚਾਰਜ ਲਗਾ ਦਿੱਤਾ ਗਿਆ ਹੈ | ਹਾਲਾਂਕਿ ਡੇਰਾ ਬਾਬਾ ਨਾਨਕ ਲਾਂਘੇ 'ਤੇ ਫਿਲਹਾਲ ਚਾਰਜ ਨਹੀਂ ਲੱਗੇਗਾ | ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੈਂਡ ਪੋਰਟ ਅਥਾਰਟੀ ਇੰਡੀਆ (ਐਲ.ਪੀ.ਆਈ.ਏ.) ਅਤੇ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਜੋ ਕਿ ਸਾਂਝੇ ਤੌਰ 'ਤੇ ਦੋਵੇਂ ਵਿਭਾਗ ਭਾਰਤ ਨਾਲ ਲੱਗਦੀਆਂ ਵੱਖ-ਵੱਖ ਦੇਸ਼ਾਂ ਦੀਆਂ ਬੰਦਰਗਾਹਾਂ ਦੀ ਉਸਾਰੀ ਤੋਂ ਲੈ ਕੇ ਹਰ ਤਰ੍ਹਾਂ ਦਾ ਕੰਮ ਵੇਖਦੇ ਹਨ, ਇਨ੍ਹਾਂ ਵਿਭਾਗਾਂ ਵਲੋਂ ਅਟਾਰੀ ਸਰਹੱਦ 'ਤੇ ਬਣੀ ਆਈ.ਸੀ.ਪੀ. ਬੰਦਰਗਾਹ ਰਾਹੀਂ ਭਾਰਤ ਤੋਂ ਪਾਕਿਸਤਾਨ ਜਾਣ ਅਤੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹਰ ਯਾਤਰੂ 'ਤੇ ਚਾਰ ਸੌ ਰੁਪਏ ਮੁਸਾਫ਼ਰ ਯਾਤਰੀ ਚਾਰਜ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ | ਭਾਰਤ ਸਰਕਾਰ ਵਲੋਂ ਇਸ ਮੁਸਾਫ਼ਰ ਯਾਤਰੀ ਚਾਰਜ ਵਿਚ ਯਾਤਰੂਆਂ ਨੂੰ ਸਹੂਲਤ ਦਿੰਦਿਆਂ ਦੱਸਿਆ ਕਿ ਇਕ ਜਥੇ 'ਚ 50 ਵਿਅਕਤੀ ਸ਼ਾਮਿਲ ਹੋਣ 'ਤੇ 2000 ਰੁਪਏ ਦੀ ਛੋਟ ਅਤੇ 50 ਤੋਂ 100 ਵਿਅਕਤੀਆਂ ਵਾਲੇ ਜਥੇ ਨੂੰ ਪੰਜ ਹਜ਼ਾਰ ਰੁਪਏ ਦੀ ਵਿਸ਼ੇਸ਼ ਛੋਟ ਦਿੱਤੀ ਗਈ ਹੈ, ਜੋ ਕਿ ਜਥੇ ਦੇ ਮੁਖੀ ਨੂੰ ਹੀ ਮੌਕੇ 'ਤੇ ਨਗਦ ਅਦਾ ਕਰਵਾਉਣੇ ਹੋਣਗੇ | ਦੱਸਣਯੋਗ ਹੈ ਕਿ ਮੁਸਾਫ਼ਰ ਯਾਤਰੀ ਚਾਰਜ ਬੰਗਲਾਦੇਸ਼, ਨਿਪਾਲ, ਭੂਟਾਨ ਤੇ ਪੰਜਾਬ ਸਮੇਤ ਬੰਦਰਗਾਹਾਂ 'ਤੇ ਸ਼ੁਰੂ ਕੀਤਾ ਗਿਆ ਹੈ | ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਹ ਮੁਸਾਫ਼ਰ ਯਾਤਰੀ ਚਾਰਜ ਹਵਾਈ ਅੱਡੇ 'ਤੇ ਯਾਤਰੂਆਂ ਨੂੰ ਮਿਲਦੀ ਸਹੂਲਤ ਵਾਂਗ ਕੰਮ ਕਰੇਗਾ, ਜਿਸ ਵਿਚ ਟਰਾਂਸਪੋਰਟ, ਬਿਜਲੀ, ਪਾਣੀ, ਸਾਫ਼-ਸਫ਼ਾਈ, ਵੀਲ ਚੇਅਰ, ਫੁੱਲ ਏਅਰ ਕੰਡੀਸ਼ਨ ਸਮੇਤ ਹੋਰ ਸਹੂਲਤਾਂ ਸ਼ਾਮਿਲ ਹਨ | ਦੱਸਣ ਯੋਗ ਹੈ ਕਿ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੇ ਮੈਂਬਰਾਂ ਨੂੰ ਵੀ ਪ੍ਰਤੀ ਯਾਤਰੂ ਨੂੰ 200 ਰੁਪਏ ਜਾਣ ਤੇ 200 ਰੁਪਏ ਆਉਣ ਮੌਕੇ ਐਲ.ਪੀ.ਆਈ.ਏ. ਦੇ ਆਈ.ਸੀ.ਪੀ. ਅਟਾਰੀ ਸਰਹੱਦ 'ਤੇ ਨਗਦ ਜਮ੍ਹਾਂ ਕਰਵਾਉਣੇ ਹੋਣਗੇ ਜਿਸ ਦੀ ਬਕਾਇਦਾ ਮੁਸਾਫ਼ਰ ਨੂੰ ਰਸੀਦ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਭਾਰਤ ਤੋਂ ਬੰਗਲਾਦੇਸ਼ ਯਾਤਰਾ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀ ਇਹ ਮੁਸਾਫ਼ਰ ਯਾਤਰੀ ਚਾਰਜ ਅਦਾ ਕਰਨਾ ਹੋਵੇਗਾ | 13 ਅਪ੍ਰੈਲ 2012 ਵਿਚ ਪਾਕਿਸਤਾਨ ਨਾਲ ਖੁੱਲੇ੍ਹ ਵਪਾਰ ਲਈ ਬਣਾਈ ਗਈ ਆਈ.ਸੀ.ਪੀ. ਰਾਹੀਂ ਹੁੰਦੇ ਵਪਾਰ ਤੇ ਭਾਰਤ ਵਲੋਂ ਉਸ ਸਮੇਂ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਵਪਾਰ ਦੇ ਸਾਮਾਨ 'ਤੇ ਟੈਕਸ ਲਗਾਇਆ ਜਾਂਦਾ ਸੀ ਜੋ ਵਪਾਰ ਬੰਦ ਹੋਣ ਤੋਂ ਬਾਅਦ ਹੁਣ ਯਾਤਰੂਆਂ 'ਤੇ ਮੁਸਾਫ਼ਰ ਯਾਤਰੀ ਚਾਰਜਰ ਸ਼ੁਰੂ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਪੰਜਾਬ ਭਰ 'ਚ ਆੜ੍ਹਤੀਆਂ ਵਲੋਂ ਕਣਕ ਦੀ ਖ਼ਰੀਦ ਦਾ ਬਾਈਕਾਟ ਅਗਲੀ ਖ਼ਬਰ ਹਲਵਾਰਾ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਪਹਿਲੀ ਉਡਾਣ 15 ਮਈ ਤੋਂ <br/>
Ad Position 24