ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰ ਕੋਛੜ)-ਮੱਧ ਪੂਰਬ ਯੁੱਧ ਕਾਰਨ ਪੈਦਾ ਹੋਏ ਤੇਲ ਸੰਕਟ ਨੇ ਪਾਕਿਸਤਾਨ 'ਚ ਹਫੜਾ-ਦਫੜੀ ਮਚਾ ਦਿੱਤੀ ਹੈ | ਹੁਣ ਸਥਿਤੀ ਅਜਿਹੀ ਹੋ ਗਈ ਹੈ ਕਿ ਪਾਕਿਸਤਾਨੀ ਸਰਕਾਰ ਨੂੰ ਤੇਲ ਸੰਕਟ ਕਾਰਨ ਬਾਜ਼ਾਰਾਂ ਅਤੇ ਸ਼ਾਪਿੰਗ ਮਾਲਾਂ ਨੂੰ ਰਾਤ 8 ਵਜੇ ਬੰਦ ਕਰਨ ਦਾ ਆਦੇਸ਼ ਜਾਰੀ ਕਰਨਾ ਪਿਆ ਹੈ | ਇਹ ਫ਼ੈਸਲਾ ਤੇਲ ਅਤੇ ਗੈਸ ਦੀ ਸੰਭਾਲ ਲਈ ਇਕ ਉਪਾਅ ਵਜੋਂ ਲਿਆ ਗਿਆ ਸੀ, ਕਿਉਂਕਿ ਮੱਧ ਪੂਰਬ ਯੁੱਧ ਕਾਰਨ ਦੁਨੀਆ ਭਰ 'ਚ ਬਾਲਣ ਦੀਆਂ ਕੀਮਤਾਂ ਵਧ ਰਹੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫ਼ੈਸਲਾ ਲੰਘੇ ਦਿਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਪੈਟਰੋਲੀਅਮ ਉਤਪਾਦਾਂ 'ਤੇ ਹੋਈ ਮੀਟਿੰਗ 'ਚ ਲਿਆ ਗਿਆ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਅਧਿਕਾਰਤ ਬਿਆਨ ਦੇ ਅਨੁਸਾਰ ਪੰਜਾਬ, ਖ਼ੈਬਰ ਪਖਤੂਨਖਵਾ, ਬਲੋਚਿਸਤਾਨ, ਇਸਲਾਮਾਬਾਦ, ਗਿਲਗਿਤ-ਬਾਲਟਿਸਤਾਨ ਅਤੇ ਮਕਬੂਜ਼ਾ ਜੰਮੂ-ਕਸ਼ਮੀਰ (ਪੀ. ਓ. ਕੇ.) 'ਚ ਰੋਜ਼ਾਨਾ ਲੋੜਾਂ ਦਾ ਸਮਾਨ ਵੇਚਣ ਵਾਲੇ ਬਾਜ਼ਾਰ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ ਅਤੇ ਦੁਕਾਨਾਂ ਰਾਤ 8 ਵਜੇ ਬੰਦ ਹੋ ਜਾਣਗੀਆਂ |