ਸਰਕਾਰ ਨੇ 5 ਕਿੱਲੋ ਵਾਲੇ ਸਿਲੰਡਰਾਂ ਦਾ ਕੋਟਾ ਕੀਤਾ ਦੁੱਗਣਾ
ਅਜੀਤ ਡੈਸਕ
08-04-2026
ਨਵੀਂ ਦਿੱਲੀ, 7 ਅਪ੍ਰੈਲ (ਉਪਮਾ ਡਾਗਾ ਪਾਰਥ)-ਦੇਸ਼ ਭਰ 'ਚ ਐਲ.ਪੀ.ਜੀ. ਸਿਲੰਡਰਾਂ ਦੀ ਕਿੱਲਤ ਦਰਮਿਆਨ ਕੇਂਦਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ 5 ਕਿੱਲੋ ਵਾਲੇ ਸਿਲੰਡਰ ਦਾ ਕੋਟਾ ਦੁੱਗਣਾ ਕਰ ਦਿੱਤਾ ਹੈ | ਕੇਂਦਰ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਜਾਣ ਵਾਲੇ 5 ਕਿੱਲੋ ਦੇ ਸਿਲੰਡਰਾਂ ਦੀ ਗਿਣਤੀ ਦੁੱਗਣੀ ਕਰਨ ਦਾ ਫ਼ੈਸਲਾ ਕਾਲਾਬਾਜ਼ਾਰੀ ਨੂੰ ਰੋਕਣ ਲਈ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਸਿਲੰਡਰ ਨੂੰ ਸਿਰਫ ਪਛਾਣ ਪੱਤਰ ਵਿਖਾ ਕੇ ਖਰੀਦਿਆ ਜਾ ਸਕਦਾ ਹੈ | ਇਨ੍ਹਾਂ ਛੋਟੇ ਸਿਲੰਡਰ ਨੂੰ ਐਫ.ਟੀ.ਐਲ. ਸਿਲੰਡਰ ਵੀ ਕਿਹਾ ਜਾਂਦਾ ਹੈ ਜੋ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਧਿਆਨ 'ਚ ਰੱਖਦਿਆਂ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਸਥਾਈ ਪਤਾ ਨਾ ਹੋਣ ਕਾਰਨ ਗੈਸ ਸਪਲਾਈ ਕੁਨੈਕਸ਼ਨ ਨਹੀਂ ਮਿਲਦਾ | ਇਹ ਕੁਨੈਕਸ਼ਨ ਸਿਰਫ ਘਰੇਲੂ ਵਰਤੋਂ ਲਈ ਹੈ ਇਸ ਦੀ ਵਪਾਰਕ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ |