ਮੁੰਬਈ, 11 ਅਪ੍ਰੈਲ (ਪੀ. ਟੀ. ਆਈ.)-ਹਿੰਦੀ ਫਿਲਮਾਂ ਦੀ ਪ੍ਰਸਿੱਧ ਪਿੱਠਵਰਤੀ ਗਾਇਕਾ ਆਸ਼ਾ ਭੌਂਸਲੇ ਨੂੰ ਛਾਤੀ ਦੀ ਇਨਫੈਕਸ਼ਨ ਕਾਰਨ ਸਨਿਚਰਵਾਰ ਸ਼ਾਮ ਨੂੰ ਇਥੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਉਨ੍ਹਾਂ ਦੀ ਪੋਤੀ ਜ਼ਨਾਈ ਭੌਂਸਲੇ ਨੇ ਦੱਸਿਆ ਕਿ 92 ਸਾਲਾ ਗਾਇਕਾ ਨੂੰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਫੇਫੜਿਆਂ ਦੀ ਸਮੱਸਿਆ ਵੀ ਹੈ | ਜ਼ਿਕਰਯੋਗ ਹੈ ਕਿ 8 ਦਹਾਕਿਆਂ ਤੋਂ ਵੱਧ ਸਮੇਂ ਦੇ ਕਰੀਅਰ ਵਾਲੀ ਆਸ਼ਾ ਭੌਂਸਲੇ ਦੇ ਸਭ ਤੋਂ ਪ੍ਰਸਿੱਧ ਗੀਤਾਂ 'ਚ 'ਅਭੀ ਨਾ ਜਾਓ ਛੋੜ ਕਰ', 'ਇਨ ਆਖੋਂ ਕੀ ਮਸਤੀ', 'ਦਿਲ ਚੀਜ਼ ਕਿਆ ਹੈ', 'ਪਿਆ ਤੂ ਅਬ ਤੋ ਆਜਾ', 'ਦੁਨੀਆ ਮੇ ਲੋਗੋਂ ਕੋ' ਅਤੇ 'ਜ਼ਾਰਾ ਸੇ ਝੂਮ ਲੂੰ ਮੈਂ' ਸ਼ਾਮਿਲ ਹਨ | ਭੌਸਲੇ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ 'ਚ 12,000 ਤੋਂ ਵੱਧ ਗੀਤ ਰਿਕਾਰਡ ਕੀਤੇ ਹਨ ਅਤੇ ਮੀਨਾ ਕੁਮਾਰੀ, ਮਧੂਬਾਲਾ, ਜ਼ੀਨਤ ਅਮਾਨ ਤੋਂ ਲੈ ਕੇ ਕਾਜੋਲ, ਉਰਮਿਲਾ ਮਾਤੋਂਡਕਰ ਅਤੇ ਪਦਮਿਨੀ ਅਤੇ ਵੈਜਯੰਤੀਮਾਲਾ ਵਰਗੀਆਂ ਪ੍ਰਮੁੱਖ ਅਦਾਕਾਰਾਂ ਲਈ ਆਵਾਜ਼ ਦਿੱਤੀ ਹੈ |ਆਸ਼ਾ ਭੌਂਸਲੇ ਪ੍ਰਸਿੱਧ ਗਾਇਕਾ ਮਰਹੂਮ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹੈ |
ਆਸ਼ਾ ਭੌਂਸਲੇ ਛਾਤੀ ਦੀ ਇਨਫੈਕਸ਼ਨ ਕਾਰਨ ਹਸਪਤਾਲ 'ਚ ਦਾਖ਼ਲ
ਅਜੀਤ ਡੈਸਕ
12-04-2026