ਜਲੰਧਰ, 11 ਅਪ੍ਰੈਲ (ਡਾ.ਜਤਿੰਦਰ ਸਾਬੀ)-ਹਾਕੀ ਪੰਜਾਬ ਵਲੋਂ ਰਾਊਾਡ ਗਲਾਸ ਸਪੋਰਟਸ ਦੇ ਸਹਿਯੋਗ ਨਾਲ ਕਰਵਾਈ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਜੂਨੀਅਰ ਲੜਕੇ ਤੇ ਲੜਕੀਆਂ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਮਾਪਤ ਹੋ ਗਈ | ਲੜਕਿਆਂ ਦੇ ਵਰਗ ਵਿਚ ਜਲੰਧਰ ਨੇ ਮੁਹਾਲੀ ਨੂੰ 4-1 ਦੇ ਫਰਕ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ ਜਦਕਿ ਲੜਕੀਆਂ ਦੇ ਵਰਗ ਵਿਚ ਬਠਿੰਡਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 8-0 ਦੇ ਵੱਡੇ ਫਰਕ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕੀਤੀ | ਜੇਤੂ ਟੀਮਾਂ ਨੂੰ ਜੇਤੂ ਟਰਾਫ਼ੀਆਂ ਦੇ ਨਾਲ ਨਾਲ ਤਗਮਿਆਂ ਨਾਲ ਸਨਮਾਨਿਤ ਕੀਤਾ | ਫਾਈਨਲ ਮੁਕਾਬਲੇ ਤੋਂ ਪਹਿਲਾਂ ਲੜਕੀਆਂ ਦੇ ਵਰਗ ਦੇ ਤੀਸਰੇ ਸਥਾਨ ਲਈ ਖੇਡੇ ਗਏ ਮੈਚ ਵਿਚ ਮੁਹਾਲੀ ਨੇ ਜਲੰਧਰ ਨੂੰ 3-0 ਨਾਲ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਲੜਕਿਆਂ ਦੇ ਵਰਗ ਵਿਚ ਫਾਜ਼ਿਲਕਾ ਨੇ ਗੁਰਦਾਸਪੁਰ ਨੂੰ 4-1 ਨਾਲ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ | ਫਾਈਨਲ ਮੈਚ ਤੋਂ ਪਹਿਲਾਂ ਮੁੱਖ ਮਹਿਮਾਨ ਨਿਤਿਨ ਕੋਹਲੀ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਅੱਜ ਦੇ ਮੈਚਾਂ ਸਮੇਂ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਉਲੰਪੀਅਨ ਸੰਜੀਵ ਕੁਮਾਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਮੁਕਤਸਰ ਸਾਹਿਬ, ਹਾਕੀ ਪੰਜਾਬ ਦੇ ਦਫਤਰੀ ਸਕੱਤਰ ਕੁਲਬੀਰ ਸਿੰਘ, ਹਰਿੰਦਰ ਸਿੰਘ ਸੰਘਾ, ਅਵਤਾਰ ਸਿੰਘ, ਰਜਿੰਦਰ ਕੁਮਾਰ, ਬਲਵਿੰਦਰ ਸਿੰਘ, ਮਨਦੀਪ ਸਿੰਘ, ਸੰਦੀਪ ਕੋਹਲੀ, ਮਲਕੀਤ ਸਿੰਘ, ਅਮਿਤ ਸ਼ਰਮਾ, ਕਰਨਦੀਪ ਸੰਧੂ, ਅਸ਼ਵਨੀ ਕੁਮਾਰ, ਚੜਤ ਸਿੰਘ ਤੇ ਹੋਰ ਬਹੁਤ ਸਾਰੇ ਹਾਜ਼ਰ ਸਨ |