ਕਟਿਹਾਰ, 11 ਅਪ੍ਰੈਲ (ਏਜੰਸੀ)-ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਇਕ ਬੱਸ, ਟਰੱਕ ਤੇ ਪਿਕਅਪ ਵੈਨ ਦੀ ਟੱਕਰ 'ਚ 13 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ | ਐਸ.ਪੀ. ਸ਼ਿਖਰ ਚੌਧਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 6.30 ਵਜੇ ਕਟਿਹਾਰ ਦੇ ਕੋਡਾ ਬਲਾਕ 'ਚ ਐਨ.ਐਚ.-31 'ਤੇ ਵਾਪਰਿਆ | ਵੈਨ 'ਚ ਸਵਾਰ ਲੋਕ ਨੇੜਲੇ ਜ਼ਿਲ੍ਹੇ ਪੂਰਨੀਆ ਤੋਂ ਆ ਰਹੇ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ | ਜ਼ਖਮੀ ਲੋਕਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ | ਹਾਦਸੇ ਦੌਰਾਨ ਮੌਕੇ 'ਤੇ 7 ਲੋਕਾਂ ਦੀ ਮੌਤ ਹੋ ਗਈ, ਜਦੋਂ 6 ਹੋਰਨਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ | ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖਮੀਆਂ ਲਈ ਹਰੇਕ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ |