ਵੈਂਸ ਦੀ ਅਗਵਾਈ ਵਾਲਾ ਅਮਰੀਕੀ ਵਫ਼ਦ ਨਹੀਂ ਪਹੁੰਚਿਆ ਪਾਕਿਸਤਾਨ
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਣ ਵਾਲੀ ਸ਼ਾਂਤੀ ਗੱਲਬਾਤ ਦੇ ਇਕ ਵਾਰ ਮੁੜ ਕਿਸੇ ਸਿੱਟੇ 'ਤੇ ਨਾ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦਾ ਦੂਜਾ ਦੌਰ 21 ਅਪ੍ਰੈਲ ਨੂੰ ਇਸਲਾਮਾਬਾਦ 'ਚ ਹੋਣ ਦੀ ਉਮੀਦ ਹੈ | ਗੱਲਬਾਤ ਦੀ ਮੇਜ਼ਬਾਨੀ ਲਈ ਰਾਜਧਾਨੀ 'ਚ ਕਨਵੈੱਨਸ਼ਨ ਸੈਂਟਰ ਦੇ ਸਾਹਮਣੇ ਖਯਾਬਾਨ-ਏ-ਸੁਹਰਵਰਦੀ 'ਚ ਸਥਿਤ ਪੰਜ-ਸਿਤਾਰਾ ਸੇਰੇਨਾ ਹੋਟਲ ਨੂੰ ਚੁਣਿਆ ਗਿਆ ਹੈ | ਜਿੱਥੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ | ਇਸ ਤੋਂ ਪਹਿਲਾਂ 11 ਅਤੇ 12 ਅਪ੍ਰੈਲ ਨੂੰ ਇਸਲਾਮਾਬਾਦ 'ਚ ਈਰਾਨ ਅਤੇ ਅਮਰੀਕਾ ਵਿਚਕਾਰ 21 ਘੰਟੇ ਚੱਲੀ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਸੀ | ਹੋਰਮੁਜ਼ ਜਲਡਮਰੂ 'ਚ ਵਧਦੇ ਤਣਾਅ ਦੇ ਵਿਚਕਾਰ ਦੋਵਾਂ ਦੇਸ਼ਾਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਪਾਕਿ 'ਚ ਹੋਵੇਗੀ ਜਾਂ ਨਹੀਂ, ਇਸ ਬਾਰੇ ਭੇਦ ਬਣਿਆ ਹੋਇਆ ਹੈ | ਹੋਰਮੁਜ਼ ਜਲਡਮਰੂ 'ਚ ਅਮਰੀਕੀ ਕਾਰਵਾਈ ਤੋਂ ਬਾਅਦ ਈਰਾਨ ਨੇ ਸਖ਼ਤ ਰੁਖ਼ ਅਪਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਫਿਲਹਾਲ ਸ਼ਾਂਤੀ ਵਾਰਤਾ 'ਚ ਹਿੱਸਾ ਨਹੀਂ ਲਵੇਗਾ | ਈਰਾਨ ਨੇ ਸਿੱਧੇ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਵਾਸ਼ਿੰਗਟਨ ਨੇ ਆਪਣੇ ਪਿਛਲੇ ਤਜਰਬਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਇਸ ਦੇ ਹੁਣ ਗੰਭੀਰ ਨਤੀਜੇ ਨਿਕਲ ਸਕਦੇ ਹਨ | ਈਰਾਨ ਨੇ ਕਿਹਾ ਕਿ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦੀ ਹੈ ਅਤੇ ਅਮਰੀਕਾ ਦੀ ਧਮਕੀ ਭਰੀ ਭਾਸ਼ਾ ਸਥਿਤੀ ਨੂੰ ਹੋਰ ਵਿਗਾੜ ਰਹੀ ਹੈ | ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਅਮਰੀਕਾ ਨਾਲ ਅਗਲੇ ਦੌਰ ਦੀ ਗੱਲਬਾਤ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ | ਉਨ੍ਹਾਂ ਨੇ ਅਮਰੀਕਾ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ ਅਮਰੀਕਾ ਕੂਟਨੀਤੀ ਦੀ ਗੱਲ ਕਰਦਾ ਹੈ, ਜਦੋਂ ਕਿ ਦੂਜੇ ਪਾਸੇ ਉਹ ਫ਼ੌਜੀ ਕਾਰਵਾਈ ਕਰਦਾ ਹੈ | ਬਾਘਾਈ ਨੇ ਕਿਹਾ ਕਿ ਅਜਿਹੀਆਂ ਵਿਰੋਧੀ ਕਾਰਵਾਈਆਂ ਵਿਸ਼ਵਾਸ ਨੂੰ ਖ਼ਤਮ ਕਰ ਰਹੀਆਂ ਹਨ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਗੱਲਬਾਤ ਦੌਰਾਨ ਮੁਨੀਰ ਨੇ ਟਰੰਪ ਨੂੰ ਦੱਸਿਆ ਕਿ ਜੇਕਰ ਹੋਰਮੁਜ਼ 'ਤੇ ਨਾਕਾਬੰਦੀ ਜਾਰੀ ਰਹਿੰਦੀ ਹੈ ਤਾਂ ਈਰਾਨ ਨਾਲ ਗੱਲਬਾਤ ਅੱਗੇ ਨਹੀਂ ਵਧ ਸਕੇਗੀ | ਟਰੰਪ ਨੇ ਜਵਾਬ 'ਚ ਕਿਹਾ ਕਿ ਉਹ ਹੋਰਮੁਜ਼ 'ਤੇ ਨਾਕਾਬੰਦੀ ਸੰਬੰਧੀ ਉਠਾਈਆਂ ਗਈਆਂ ਚਿੰਤਾਵਾਂ 'ਤੇ ਵਿਚਾਰ ਕਰਨਗੇ | ਦਰਅਸਲ, ਅਮਰੀਕਾ ਨੇ ਈਰਾਨ ਨੇੜੇ ਸਮੁੰਦਰ 'ਤੇ ਨਾਕਾਬੰਦੀ ਲਗਾਈ ਹੈ | ਇਸ ਤੋਂ ਨਾਰਾਜ਼ ਹੋ ਕੇ ਈਰਾਨ ਨੇ ਸਨਿਚਰਵਾਰ ਨੂੰ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਵਧਣ ਦਾ ਕਾਰਨ ਟਰੰਪ ਵਲੋਂ ਈਰਾਨ ਨੂੰ ਦਿੱਤੀਆਂ ਗਈਆਂ ਧਮਕੀਆਂ ਅਤੇ ਈਰਾਨੀ ਜਹਾਜ਼ 'ਤੁਸਕਾ' ਨੂੰ ਜ਼ਬਤ ਕੀਤੇ ਜਾਣ ਦਾ ਹੈ | ਈਰਾਨ ਨੇ ਇਸ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਅਮਰੀਕਾ ਨੂੰ 'ਸਮੁੰਦਰੀ ਡਾਕੂ' ਦੱਸਦਿਆਂ ਜਲਦੀ ਹੀ ਜਵਾਬ ਦੇਣ ਦੀ ਸਹੁੰ ਵੀ ਖਾਧੀ | ਜਾਣਕਾਰੀ ਅਨੁਸਾਰ ਐਡਵਾਂਸ ਅਮਰੀਕੀ ਟੀਮਾਂ ਪਹਿਲਾਂ ਹੀ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਰਾਹੀਂ ਇਸਲਾਮਾਬਾਦ ਪਹੁੰਚ ਚੁੱਕੀਆਂ ਹਨ | ਇਹ ਟੀਮਾਂ ਉੱਚ-ਪੱਧਰੀ ਵਿਦੇਸ਼ੀ ਪ੍ਰਤੀਨਿਧੀਆਂ ਲਈ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਸਥਾਨਕ ਅਧਿਕਾਰੀਆਂ ਨਾਲ ਨੇੜਿਓਾ ਤਾਲਮੇਲ ਕਰ ਰਹੀਆਂ ਹਨ | ਮੀਡੀਆ ਰਿਪੋਰਟਾਂ ਮੁਤਾਬਿਕ ਇਸਲਾਮਾਬਾਦ 'ਚ ਸੰਭਾਵਿਤ ਅਮਰੀਕਾ-ਈਰਾਨ ਗੱਲਬਾਤ ਤੋਂ ਪਹਿਲਾਂ ਸੰਚਾਰ ਉਪਕਰਨ, ਮੋਟਰਕੇਡ ਉਪਕਰਨ ਅਤੇ ਸਹਾਇਤਾ ਸਪਲਾਈ ਲੈ ਕੇ ਜਾਣ ਵਾਲੇ ਘੱਟੋ-ਘੱਟ ਛੇ ਅਮਰੀਕੀ ਸਰਕਾਰੀ ਜਹਾਜ਼ ਰਾਵਲਪਿੰਡੀ 'ਚ ਪਾਕਿਸਤਾਨ ਹਵਾਈ ਸੈਨਾ ਬੇਸ ਨੂਰ ਖਾਨ 'ਤੇ ਉਤਰੇ ਅਤੇ ਰਵਾਨਾ ਹੋਏ | ਦੋ ਜਹਾਜ਼ ਅੱਜ ਪਹੁੰਚੇ, ਜਦੋਂ ਕਿ ਬਾਕੀ ਚਾਰ ਪਿਛਲੇ 48 ਘੰਟਿਆਂ 'ਚ ਹੇਠਾਂ ਉਤਰੇ | ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਤਾਇਨਾਤੀ 'ਚ ਵਾਧਾ ਕਰਦਿਆਂ 22 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ |
ਕੀ ਗੱਲਬਾਤ ਦੀ ਕੋਈ ਸੰਭਾਵਨਾ ਹੈ?
ਅਮਰੀਕਾ ਨੇ ਇਸਲਾਮਾਬਾਦ 'ਚ ਗੱਲਬਾਤ ਦਾ ਪ੍ਰਸਤਾਵ ਰੱਖਿਆ ਹੈ, ਪਰ ਈਰਾਨ ਹਿੱਸਾ ਲੈਣ ਲਈ ਸਹਿਮਤ ਨਹੀਂ ਹੋਇਆ | ਈਰਾਨ ਦਾ ਕਹਿਣਾ ਹੈ ਕਿ ਉਹ ਕੋਈ ਵੀ ਫ਼ੈਸਲਾ ਆਪਣੇ ਕੌਮੀ ਹਿੱਤਾਂ ਦੇ ਆਧਾਰ 'ਤੇ ਲਵੇਗਾ | ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਈਰਾਨ-ਅਮਰੀਕਾ ਵਿਚਾਲੇ ਸ਼ਾਂਤੀ ਗੱਲਬਾਤ ਲਈ ਕੋਈ ਵੀ ਕੂਟਨੀਤਕ ਰਸਤਾ ਮੁਸ਼ਕਿਲ ਜਾਪਦਾ ਹੈ | ਪੱਛਮੀ ਏਸ਼ੀਆ 'ਚ ਇਹ ਵਧਦਾ ਤਣਾਅ ਵਿਸ਼ਵ ਸ਼ਾਂਤੀ ਅਤੇ ਆਰਥਿਕਤਾ ਦੋਵਾਂ ਲਈ ਖ਼ਤਰਾ ਪੈਦਾ ਕਰਦਾ ਹੈ |
ਹੋਰਮੁਜ਼ ਜਲਡਮਰੂ ਦੁਬਾਰਾ ਕਿਉਂ ਕੀਤਾ ਗਿਆ ਬੰਦ?
ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਐਲਾਨ ਕੀਤਾ ਕਿ ਜਲਡਮਰੂ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਨਾਕਾਬੰਦੀ ਨਹੀਂ ਹਟਾਉਂਦਾ | ਦਰਅਸਲ, ਹੋਰਮੁਜ਼ ਜਲਡਮਰੂ ਦੁਨੀਆ ਲਈ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਤੇਲ ਵਪਾਰ ਦਾ 20 ਫ਼ੀਸਦੀ ਇਸ 'ਚੋਂ ਲੰਘਦਾ ਹੈ | ਇਸ ਦੇ ਬੰਦ ਹੋਣ ਨਾਲ ਦੁਨੀਆ ਭਰ 'ਚ ਬਾਲਣ ਸਪਲਾਈ 'ਤੇ ਮਾੜਾ ਪ੍ਰਭਾਵ ਪਿਆ ਹੈ |
ਵੈਂਸ ਦੀ ਅਗਵਾਈ ਵਾਲਾ ਅਮਰੀਕੀ ਵਫ਼ਦ ਨਹੀਂ ਪਹੁੰਚਿਆ ਇਸਲਾਮਾਬਾਦ, ਪਾਕਿ ਨਿਰਾਸ਼
ਅਮਰੀਕਾ ਦੇ ਈਰਾਨ ਨਾਲ ਦੂਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ | ਈਰਾਨ ਅਜੇ ਤੱਕ ਅਮਰੀਕਾ ਨਾਲ ਗੱਲਬਾਤ ਲਈ ਸਹਿਮਤ ਨਹੀਂ ਹੋਇਆ | ਉੱਧਰ ਕੁਝ ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਮਰੀਕਾ ਵਿਚ ਹੀ ਹਨ ਅਤੇ ਉਹ ਅਜੇ ਤੱਕ ਪਾਕਿਸਤਾਨ ਲਈ ਰਵਾਨਾ ਨਹੀਂ ਹੋਏ, ਕਿਉਂਕਿ ਈਰਾਨ ਨਾਲ ਦੂਜੇ ਦੌਰ ਦੀ ਗੱਲਬਾਤ ਦੀਆਂ ਸੰਭਾਵਨਾਵਾਂ ਅਜੇ ਵੀ ਅਸਪੱਸ਼ਟ ਹਨ | ਪਾਕਿ ਸਰਕਾਰ ਅਤੇ ਫ਼ੌਜ ਮੁਖੀ 'ਚ ਦੂਜੇ ਦੌਰ ਦੀ ਵੀ ਗੱਲਬਾਤ ਸਿਰੇ ਨਾ ਚੜ੍ਹਨ ਕਰਕੇ ਇਸ ਸਭ ਨੂੰ ਲੈ ਕੇ ਨਿਰਾਸ਼ਤਾ ਬਣੀ ਹੋਈ ਹੈ | ਇਨ੍ਹਾਂ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਵਾਧੂ ਗੱਲਬਾਤ ਲਈ ਇਕ ਅਮਰੀਕੀ ਵਫ਼ਦ ਪਾਕਿਸਤਾਨ ਭੇਜਣਗੇ | ਦੋਵਾਂ ਦੇਸ਼ਾਂ ਵਿਚਕਾਰ ਦੋ ਹਫ਼ਤਿਆਂ ਦੀ ਜੰਗਬੰਦੀ ਦੀ ਮਿਆਦ 22 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ |
ਇਸਲਾਮਾਬਾਦ 'ਚ ਈਰਾਨ-ਅਮਰੀਕਾ ਸ਼ਾਂਤੀ ਗੱਲਬਾਤ 'ਚ ਅੜਚਨਾਂ <br/>
ਅਜੀਤ ਡੈਸਕ
21-04-2026