ਭਾਈ ਅੰਮਿ੍ਤਪਾਲ ਸਿੰਘ ਦੀ ਪੰਜਾਬ ਪੁਲਿਸ ਨੇ ਪਾਈ ਰਸਮੀ ਗਿ੍ਫ਼ਤਾਰੀ
ਅਜੀਤ ਡੈਸਕ
23-04-2026
ਡਿਬਰੂਗੜ੍ਹ, 22 ਅਪ੍ਰੈਲ (ਪੀ. ਟੀ. ਆਈ.)-ਰਾਸ਼ਟਰੀ ਸੁਰੱਖਿਆ ਐਕਟ (ਐਨ. ਐਸ. ਏ.) ਅਧੀਨ ਨਜ਼ਰਬੰਦੀ ਖਤਮ ਹੋਣ ਤੋਂ ਬਾਅਦ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮਿ੍ਤਪਾਲ ਸਿੰਘ ਦੀ ਇਥੇ ਪੁੱਜੀ ਪੰਜਾਬ ਪੁਲਿਸ ਦੀ ਇਕ ਟੀਮ ਵਲੋਂ ਦੁਬਾਰਾ ਰਸਮੀ ਗਿ੍ਫ਼ਤਾਰੀ ਪਾਈ ਗਈ | ਹਾਲਾਂਕਿ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ, ਜੋ ਪਿਛਲੇ ਤਿੰਨ ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਬੰਦ ਹਨ, ਪੰਜਾਬ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਵੀ ਡਿਬਰੂਗ ੜ੍ਹ ਜੇਲ੍ਹ 'ਚ ਹੀ ਰਹਿਣਗੇ | ਅੰਮਿ੍ਤਸਰ (ਦਿਹਾਤੀ) ਤੋਂ ਪੰਜਾਬ ਪੁਲਿਸ ਦੀ ਇਕ ਟੀਮ, ਜੋ ਕਿ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਇਥੇ ਪੁੱਜੀ ਹੈ, ਫਰਵਰੀ 2023 ਦੇ ਅਜਨਾਲਾ ਪੁਲਿਸ ਥਾਣੇ ਹਮਲੇ ਦੇ ਮਾਮਲੇ 'ਚ ਗਿ੍ਫ਼ਤਾਰੀ ਨੂੰ ਅੰਜਾਮ ਦੇਣ ਲਈ 19 ਅਪ੍ਰੈਲ ਤੋਂ ਡਿਬਰੂਗੜ੍ਹ 'ਚ ਡੇਰਾ ਲਾਈ ਬੈਠੀ ਸੀ | ਭਾਈ ਅੰਮਿ੍ਤਪਾਲ ਸਿੰਘ ਨੂੰ ਅਜਨਾਲਾ ਪੁਲਿਸ ਥਾਣੇ 'ਤੇ ਹਮਲੇ ਦੇ ਮਾਮਲੇ 'ਚ 23 ਅਪ੍ਰੈਲ, 2023 ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਉਦੋਂ ਤੋਂ ਹੀ ਐਨ.ਐਸ.ਏ. ਅਧੀਨ ਉਚ ਸੁਰੱਖਿਆ ਵਾਲੀ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਰੱਖਿਆ ਗਿਆ ਹੈ | ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਅਸਾਮ 'ਚ ਰੱਖਣ ਲਈ ਗੰਭੀਰ ਕਾਨੂੰਨ ਵਿਵਸਥਾ ਦੀਆਂ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਹਫ਼ਤੇ ਰਾਜ ਸਰਕਾਰ ਦੀ ਉਸ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਕਿ ਅੰਮਿ੍ਤਪਾਲ ਨੂੰ ਉਸ ਦੀ ਐਨ.ਐਸ.ਏ. ਹਿਰਾਸਤ ਦੀ ਮਿਆਦ ਪੁੱਗਣ 'ਤੇ ਅਜਨਾਲਾ ਮਾਮਲੇ 'ਚ ਰਸਮੀ ਤੌਰ 'ਤੇ ਗਿ੍ਫ਼ਤਾਰ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਉਸ ਨੂੰ ਡਿਬਰੂਗੜ੍ਹ ਜੇਲ੍ਹ 'ਚ ਹੀ ਰੱਖਿਆ ਜਾਵੇ | ਅਦਾਲਤ ਨੇ ਸਾਰੇ ਮੁਕੱਦਮੇ ਦੀ ਕਾਰਵਾਈ ਪੁਲਿਸ ਅਤੇ ਨਿਆਂਇਕ ਰਿਮਾਂਡ ਸਮੇਤ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਦੀ ਇਜਾਜ਼ਤ ਵੀ ਦਿੱਤੀ, ਜਿਸ ਨਾਲ ਅੰਮਿ੍ਤਪਾਲ ਨੂੰ ਸਰੀਰਕ ਤੌਰ 'ਤੇ ਅੰਮਿ੍ਤਸਰ ਲਿਆਂਦੇ ਬਿਨਾਂ ਆਪਣਾ ਬਚਾਅ ਕਰਨ ਦਾ ਮੌਕਾ ਦਿੱਤਾ ਜਾਵੇਗਾ |