ਚੰਡੀਗੜ੍ਹ, 9 ਮਈ (ਸੰਦੀਪ ਕੁਮਾਰ ਮਾਹਨਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਮੋਬਾਈਲ ਫ਼ੋਨ ਬਰਾਮਦ ਅਤੇ ਕਥਿਤ ਜੀ.ਐਸ.ਟੀ. ਗੜਬੜੀਆਂ ਦੇ ਚੱਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਹੈਮਪਟਨ ਸਕਾਈ ਰਿਆਲਟੀ ਲਿਮਟਿਡ ਨੇ ਵਿਸਥਾਰਪੂਰਵਕ ਸਫ਼ਾਈ ਜਾਰੀ ਕਰਦਿਆਂ ਆਪਣੇ 'ਤੇ ਲੱਗ ਰਹੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ | ਕੰਪਨੀ ਵਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਕੰਪਨੀ ਵਲੋਂ ਕੀਤੀ ਜਾਂਦੀ ਮੋਬਾਈਲ ਫ਼ੋਨਾਂ ਦੀ ਬਰਾਮਦਗੀ (ਨਿਰਯਾਤ) ਪੂਰੀ ਤਰ੍ਹਾਂ ਅਸਲੀ, ਕਾਨੂੰਨੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਹਨ ਅਤੇ ਸਾਰੇ ਲੈਣ-ਦੇਣ ਬੈਂਕਿੰਗ ਮਾਧਿਅਮ ਰਾਹੀਂ ਹੋਏ ਹਨ | ਕੰਪਨੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਭਾਰਤ ਸਰਕਾਰ ਵਲੋਂ ਮੋਬਾਈਲ ਫ਼ੋਨ ਨਿਰਮਾਣ ਅਤੇ ਬਰਾਮਦ ਖੇਤਰ ਨੂੰ 'ਮੇਕ ਇਨ ਇੰਡੀਆ' ਅਤੇ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐਲ.ਆਈ.) ਯੋਜਨਾ ਤਹਿਤ ਪਹਿਲ ਦਿੱਤੀ ਗਈ ਹੈ | ਇਸੇ ਨੀਤੀ ਤਹਿਤ ਕੰਪਨੀ ਨੇ ਮਈ 2023 'ਚ ਮੋਬਾਈਲ ਫ਼ੋਨ ਬਰਾਮਦ ਕਾਰੋਬਾਰ ਸ਼ੁਰੂ ਕੀਤਾ ਸੀ | ਕੰਪਨੀ ਮੁਤਾਬਿਕ ਬਰਾਮਦ ਦੌਰਾਨ 44,471 ਯੂਨਿਟ ਮੋਬਾਈਲ ਹੈਂਡਸੈੱਟ ਅਤੇ ਐਕਸੈਸਰੀਜ਼ ਵਿਦੇਸ਼ ਭੇਜੀਆਂ ਗਈਆਂ, ਜਿਨ੍ਹਾਂ ਵਿਚ ਐਪਲ ਆਈ ਫ਼ੋਨ, ਏਅਰ ਪੋਡਸ, ਸੈਮਸੰਗ ਅਤੇ ਵਨ ਪਲੱਸ ਦੇ ਉਤਪਾਦ ਸ਼ਾਮਿਲ ਸਨ | ਹਰ ਬਰਾਮਦ ਦੀ ਕਸਟਮ ਵਿਭਾਗ ਵਲੋਂ ਜਾਂਚ ਕੀਤੀ ਗਈ ਅਤੇ ਹਰ ਹੈਂਡਸੈੱਟ ਦਾ ਆਈ.ਐਮ.ਈ.ਆਈ. ਨੰਬਰ ਆਈਸਗੇਟ ਸਿਸਟਮ 'ਤੇ ਦਰਜ ਕੀਤਾ ਗਿਆ | ਕੰਪਨੀ ਨੇ ਦਾਅਵਾ ਕੀਤਾ ਕਿ ਐਪਲ ਅਤੇ ਸੈਮਸੰਗ ਵਲੋਂ ਵੀ ਗਲੋਬਲ ਡਾਟਾਬੇਸ ਰਾਹੀਂ ਇਹ ਪੁਸ਼ਟੀ ਕੀਤੀ ਗਈ ਕਿ ਬਰਾਮਦ ਕੀਤੇ ਗਏ ਮੋਬਾਈਲ ਫ਼ੋਨ ਅਸਲੀ ਸਨ ਅਤੇ ਭਾਰਤ ਤੋਂ ਬਾਹਰ ਐਕਟੀਵੇਟ ਹੋਏ | ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਬਰਾਮਦ ਦੀ ਪੂਰੀ ਰਕਮ ਅਧਿਕਾਰਤ ਬੈਂਕਿੰਗ ਮਾਧਿਅਮ ਰਾਹੀਂ ਪ੍ਰਾਪਤ ਹੋਈ ਅਤੇ ਸਪਲਾਇਰਾਂ ਨੂੰ ਵੀ ਬੈਂਕਿੰਗ ਚੈਨਲ ਰਾਹੀਂ ਭੁਗਤਾਨ ਕੀਤਾ ਗਿਆ | ਕੰਪਨੀ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ 'ਰਾਊਾਡ ਟਿ੍ਪਿੰਗ' ਜਾਂ ਵਿਦੇਸ਼ੀ ਖਾਤਿਆਂ ਵਿਚ ਰਕਮ ਰੱਖਣ ਦੇ ਦੋਸ਼ ਬੇਬੁਨਿਆਦ ਹਨ | ਕੰਪਨੀ ਨੇ ਇਹ ਵੀ ਮੰਨਿਆ ਕਿ ਕੁਝ ਸਪਲਾਇਰਾਂ ਨਾਲ ਸੰਬੰਧਿਤ ਜੀ.ਐੱਸ.ਟੀ. ਇਨਪੁੱਟ ਟੈਕਸ ਕਰੈਡਿਟ ਸੰਬੰਧੀ ਮੁੱਦੇ ਸਾਹਮਣੇ ਆਏ ਸਨ, ਪਰ ਇਹ ਸਿਰਫ਼ ਸਪਲਾਇਰ ਪੱਖ ਨਾਲ ਜੁੜੇ ਮਾਮਲੇ ਹਨ | ਕੰਪਨੀ ਨੇ ਦਾਅਵਾ ਕੀਤਾ ਕਿ ਉਸ ਨੇ ਖ਼ੁਦ ਇਸ ਮਾਮਲੇ ਵਿਚ ਲੁਧਿਆਣਾ ਦੇ ਫੋਕਲ ਪੁਆਇੰਟ ਥਾਣੇ ਵਿਚ ਐਸ.ਕੇ. ਐਂਟਰਪ੍ਰਾਈਜ਼ਿਜ਼, ਗਲੋਬਲ ਟਰੇਡਰਜ਼ ਅਤੇ ਜੀ.ਐਮ.ਜੀ ਟਰੇਡਲਿੰਕ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਸੀ | ਕੰਪਨੀ ਮੁਤਾਬਿਕ ਜੀ.ਐਸ.ਟੀ. ਵਿਭਾਗ ਵਲੋਂ ਉਠਾਏ ਗਏ ਇਤਰਾਜ਼ਾਂ ਸੰਬੰਧੀ ਸੰਬੰਧਿਤ ਟੈਕਸ ਰਕਮ ਪਹਿਲਾਂ ਹੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਅਤੇ ਮਾਮਲਾ ਅਪੀਲ ਅਧੀਨ ਹੈ | ਕੰਪਨੀ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ | ਕੰਪਨੀ ਨੇ ਕਿਹਾ ਕਿ ਉਸ ਵਲੋਂ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਨਾਲ ਜੁੜੇ ਸਾਰੇ ਤੱਥ ਅਤੇ ਦਸਤਾਵੇਜ਼ ਕਾਨੂੰਨੀ ਮੰਚਾਂ ਅੱਗੇ ਪੇਸ਼ ਕੀਤੇ ਜਾਣਗੇ |