ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 5 ਜੂਨ -ਲੰਬੇ ਸਮੇਂ ਤੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਸੰਘਰਸ਼ ਕਰਦੇ ਅਪ੍ਰੈਂਟਸ਼ਿਪ ਅਤੇ ਆਈ.ਟੀ.ਆਈ. ਕੀਤੇ ਹੋਏ ਨੌਜਵਾਨਾਂ ਨੂੰ ਬਿਜਲੀ ਨਿਗਮ ਵਲੋਂ ਜਲਦ ਰੁਜ਼ਗਾਰ ਦਿੱਤਾ ਜਾਵੇਗਾ | ਦੱਸਣਯੋਗ ਹੈ ਕਿ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਵੱਡੀ ਗਿਣਤੀ ਨੌਜਵਾਨ, ਜਿਨ੍ਹਾਂ ਨੇ ਅਪ੍ਰੈਂਟਸ਼ਿਪ ਜਾਂ ਆਈ.ਟੀ.ਆਈ. ਕੀਤੀ ਹੁੰਦੀ ਹੈ ਉਹ ਨੌਕਰੀ ਲੈਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਕੇ ਧਰਨੇ ਲਗਾਉਂਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀਆਂ ਆਸਾਂ ਨੂੰ ਜਲਦ ਬੂਰ ਪੈਂਦਾ ਨਜ਼ਰ ਆ ਰਿਹਾ ਹੈ | ਬਿਜਲੀ ਨਿਗਮ ਵਲੋਂ ਪਹਿਲਾਂ ਅਪ੍ਰੈਂਟਸ਼ਿਪ ਕੀਤੇ ਨੌਜਵਾਨਾਂ ਨੂੰ 60 ਫ਼ੀਸਦੀ ਕੋਟੇ ਤਹਿਤ ਬਿਜਲੀ ਨਿਗਮ 'ਚ ਨੌਕਰੀ ਦਾ ਮੌਕਾ ਮਿਲਣ ਕਾਰਨ ਆਈ.ਟੀ.ਆਈ. ਕੀਤੇ ਨੌਜਵਾਨ ਨੌਕਰੀ ਦੇ ਮੌਕੇ ਤੋਂ ਵਾਂਝੇ ਰਹਿ ਜਾਂਦੇ ਸਨ | ਉਪਰੰਤ ਹੁਣ ਮੈਨੇਜਮੈਂਟ ਵਲੋਂ ਨਵਾਂ ਸਰਕੂਲਰ ਜਾਰੀ ਕਰਦਿਆਂ ਟੈਕਨੀਕਲ ਸਰਵਿਸ 30 ਅਪ੍ਰੈਲ, 2026 ਨੂੰ ਕਲਾਸ-3 ਰੈਗੂਲੇਸ਼ਨ 1966 ਦੀ ਰੈਗੂਲੇਸ਼ਨ ਨੰਬਰ 9 (5) ਵਿਚ ਸੋਧ ਕਰਦਿਆਂ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਲਈ (ਅਪ੍ਰੈਂਟਸ਼ਿਪ ਕੀਤੇ ਨੌਜਵਾਨ) ਜਾਂ (ਆਈ.ਟੀ.ਆਈ. ਇਲੈਕਟ੍ਰੀਸ਼ਨ ਜਾਂ ਵਾਇਰਮੈਨ) ਨੂੰ ਵੀ ਵੱਖ-ਵੱਖ ਕੋਟੇ ਤਹਿਤ ਨੌਕਰੀਆਂ ਦੇਣ ਲਈ ਮੁਹਿੰਮ ਵਿੱਢੀ ਹੈ | ਇਸ ਸਭ ਦੇ ਮੱਦੇਨਜ਼ਰ ਬਿਜਲੀ ਨਿਗਮ ਵਲੋਂ ਆਉਣ ਵਾਲੇ ਸਮੇਂ 'ਚ 17 ਹਜ਼ਾਰ ਨੌਜਵਾਨਾਂ ਨੂੰ ਅਸਿਸਟੈਂਟ ਲਾਈਨਮੈਨ ਲਈ ਭਰਤੀ ਕੀਤਾ ਜਾਵੇਗਾ, ਜਿਸ 'ਚ ਆਪੋ-ਆਪਣੇ ਕੋਟੇ ਅਨੁਸਾਰ ਆਈ.ਟੀ.ਆਈ. ਅਤੇ ਅਪ੍ਰੈਂਟਸ਼ਿਪ ਨੌਜਵਾਨ ਯੋਗਤਾ ਮੁਤਾਬਿਕ ਅਸਾਮੀਆਂ ਭਰ ਸਕਣਗੇ | ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨ ਜਿਨ੍ਹਾਂ ਨੇ ਆਈ.ਟੀ.ਆਈ. ਅਤੇ ਅਪ੍ਰੈਂਟਸ਼ਿਪ ਲਗਾਈ ਹੈ, ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਖ਼ਾਸ ਮੁਹਿੰਮ ਵਿੱਢ ਰਹੀ ਹੈ | ਉਨ੍ਹਾਂ ਅਨੁਸਾਰ ਬਿਜਲੀ ਨਿਗਮ ਕੋਲ 17 ਹਜ਼ਾਰ ਅਸਿਸਟੈਂਟ ਲਾਈਨਮੈਨ ਦੀਆਂ ਅਸਾਮੀਆਂ ਖ਼ਾਲੀ ਹਨ, ਜਿਨ੍ਹਾਂ ਨੂੰ 3-4 ਗੇੜਾਂ 'ਚ ਭਰਿਆ ਜਾਵੇਗਾ, ਜਿਸ ਅਨੁਸਾਰ ਜਲਦ ਹੀ 3-3 ਹਜ਼ਾਰ ਏ.ਐਲ.ਐਮ. ਦੀਆਂ ਅਸਾਮੀਆਂ ਦੋ ਵਾਰ 'ਚ ਕੱਢੀਆਂ ਜਾਣਗੀਆਂ |
17 ਹਜ਼ਾਰ ਅਪ੍ਰੈਂਟਸ਼ਿਪ ਤੇ ਆਈ.ਟੀ.ਆਈ. ਕੀਤੇ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ-ਸੀ.ਐਮ.ਡੀ.
ਅਜੀਤ ਡੈਸਕ
06-06-2026