ਕਿਹਾ, ਅਡਾਨੀ ਦੀ ਮਦਦ ਕਰ ਰਹੀ ਹੈ ਸਰਕਾਰ
ਨਵੀਂ ਦਿੱਲੀ, 5 ਜੂਨ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗ੍ਰੇਟ ਨਿਕੋਬਾਰ ਪ੍ਰਾਜੈਕਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪ੍ਰਾਜੈਕਟ ਦਾ ਅਸਲ ਮਕਸਦ ਹੋਟਲ, ਕੈਸੀਨੋ ਅਤੇ ਰੀਅਲ ਅਸਟੇਟ ਵਿਕਾਸ ਨੂੰ ਉਤਸ਼ਾਹ ਦੇਣਾ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਤਰਕ ਹੈ ਕਿ ਗ੍ਰੇਟ ਨਿਕੋਬਾਰ ਪ੍ਰਾਜੈਕਟ ਰੱਖਿਆ ਅਤੇ ਮਾਲ ਦੀ ਢੋਆ-ਢੁਆਈ ਲਈ ਬੰਦਰਗਾਹ ਨਾਲ ਸੰਬੰਧਿਤ ਹੈ | ਉਨ੍ਹਾਂ ਇਸ ਦੇ ਝੂਠੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਅਸਲ 'ਚ ਭਾਰਤ ਦੀ ਸਭ ਤੋਂ ਕੀਮਤੀ ਜ਼ਮੀਨ 'ਤੇ ਇਕ ਕਾਰੋਬਾਰੀ ਨੂੰ ਹੋਟਲ ਅਤੇ ਕੈਸੀਨੋ ਬਣਾਉਣ 'ਚ ਮਦਦ ਕਰਨ ਬਾਰੇ ਹੈ | ਕਾਂਗਰਸੀ ਨੇਤਾ ਨੇ ਕਿਹਾ ਕਿ ਸਰਕਾਰ ਗੌਤਮ ਅਡਾਨੀ ਦੀ ਮਦਦ ਕਰਨਾ ਚਾਹੁੰਦੀ ਹੈ | ਰਾਹੁਲ ਨੇ ਅਪ੍ਰੈਲ ਦੇ ਅਖੀਰ 'ਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੀ ਆਪਣੀ ਯਾਤਰਾ 'ਤੇ ਆਧਾਰਿਤ 16 ਮਿੰਟ ਤੋਂ ਵੱਧ ਦਾ ਇਕ ਵੀਡੀਓ ਜਾਰੀ ਕੀਤਾ | ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ 'ਚ ਉਨ੍ਹਾਂ ਦੌਰੇ ਦਾ ਬਿਊਰਾ ਦਿੰਦਿਆਂ ਕਿਹਾ ਕਿ ਉਨ੍ਹਾਂ ਭਾਰਤ ਦੇ ਸਭ ਤੋਂ ਦੱਖਣੀ ਕੋਨੇ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਉਹ ਉਥੇ ਰਹਿਣ ਵਾਲੇ ਲੋਕਾਂ ਨਾਲ ਬੈਠੇ | ਆਦਿਵਾਸੀ ਭਾਈਚਾਰੇ ਦੀ ਜ਼ਮੀਨ ਜੰਗਲਾਤ ਦੇ ਅਧਿਕਾਰ ਬਾਰੇ ਕਾਨੂੰਨ ਦੀ ਉਲੰਘਣਾ ਕਰਕੇ ਖੋਹੀ ਜਾ ਰਹੀ ਹੈ | ਭਾਰਤ ਸਰਕਾਰ ਵਲੋਂ ਇਨ੍ਹਾਂ ਟਾਪੂਆਂ 'ਤੇ ਵਸਾਏ ਗਏ ਕਈ ਸਾਬਕਾ ਫ਼ੌਜੀਆਂ ਨੂੰ ਉਚਿਤ ਮੁਆਵਜ਼ਾ ਨਹੀਂ ਮਿਲ ਰਿਹਾ |
ਰਾਹੁਲ ਗਾਂਧੀ ਨੇ ਗ੍ਰੇਟ ਨਿਕੋਬਾਰ ਪ੍ਰਾਜੈਕਟ 'ਤੇ ਚੁੱਕੇ ਸਵਾਲ
ਅਜੀਤ ਡੈਸਕ
06-06-2026