ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 8 ਜੂਨ-ਵਿਰੋਧੀ ਧਿਰਾਂ ਦੇ ਗੱਠਜੋੜ 'ਇੰਡੀਆ' ਧੜੇ ਨੂੰ ਮੁੜ ਸੁਰਜੀਤ ਕਰਨ ਲਈ ਹੁਣ 2 ਮਹੀਨਿਆਂ ਦੇ ਵਕਫ਼ੇ 'ਤੇ 'ਇੰਡੀਆ' ਗੱਠਜੋੜ ਦੀ ਮੀਟਿੰਗ ਹੋਇਆ ਕਰੇਗੀ | ਦਿੱਲੀ 'ਚ ਸੋਮਵਾਰ ਨੂੰ ਹੋਈ ਬੈਠਕ ਤੋਂ ਬਾਅਦ ਇਨ੍ਹਾਂ ਸਿਲਸਿਲੇਵਾਰ ਮੀਟਿੰਗਾਂ ਦੀ ਸ਼ੁਰੂਆਤ ਅਗਸਤ 'ਚ ਹੋਏਗੀ ਅਤੇ ਇਹ ਮੀਟਿੰਗ ਅਗਸਤ 'ਚ ਕੀਤੀ ਜਾਏਗੀ |' ਉਕਤ ਫ਼ੈਸਲਾ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਹੋਈ 'ਇੰਡੀਆ' ਧੜੇ ਦੀ ਮੀਟਿੰਗ 'ਚ ਉਸ ਵੇਲੇ ਲਿਆ ਗਿਆ ਜਦੋਂ ਮੀਟਿੰਗ ਦੌਰਾਨ ਬਾਕੀ ਪਾਰਟੀਆਂ ਨੇ ਕਾਂਗਰਸ 'ਤੇ ਤਾਲਮੇਲ ਦੀ ਕਮੀ ਅਤੇ ਖੇਤਰੀ ਪਾਰਟੀਆਂ ਨੂੰ ਬਣਦਾ ਸਨਮਾਨ ਨਾ ਦੇਣ ਦੇ ਦੋਸ਼ ਲਗਾਏ | ਹਲਕਿਆਂ ਮੁਤਾਬਿਕ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਮੀਟਿੰਗ ਦੀ ਸ਼ੁਰੂਆਤ 'ਚ ਹੀ ਕਾਂਗਰਸ ਤੇ ਬਾਕੀ ਪਾਰਟੀਆਂ ਨਾਲ ਤਾਲਮੇਲ ਘੱਟ ਰੱਖਣ ਦੀ ਸ਼ਿਕਾਇਤ ਕੀਤੀ | ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਤਿ੍ਣਮੂਲ ਕਾਂਗਰਸ ਪ੍ਰਤੀ ਨਾਰਾਜ਼ਗੀਆਂ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਪੱਛਮੀ ਬੰਗਾਲ 'ਚ ਟੀ.ਐਮ.ਸੀ. ਅਤੇ ਕਾਂਗਰਸ ਰਲ ਕੇ ਚੋਣ ਲੜਦੇ ਤਾਂ ਨਤੀਜੇ ਹੋਰ ਹੋ ਸਕਦੇ ਹਨ | ਬੈਠਕ 'ਚ ਸੀ.ਪੀ.ਐਮ. ਦੇ ਜਾਨ ਬਿ੍ਟਾਸ ਨੇ ਕੇਰਲਮ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਵਲੋਂ ਸੀ.ਪੀ.ਐਮ. ਨੂੰ ਭਾਜਪਾ ਦੀ 'ਬੀ' ਟੀਮ ਕਰਾਰ ਦੇਣ ਦਾ ਮੁੱਦਾ ਵੀ ਚੁੱਕਿਆ | ਜ਼ਿਕਰਯੋਗ ਹੈ ਕਿ ਸੀ.ਪੀ.ਐਮ. ਨੇ ਇਸ ਸੰਬੰਧ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਚਿੱਠੀ ਵੀ ਲਿਖੀ ਸੀ | ਰਾਹੁਲ ਗਾਂਧੀ ਨੇ ਸੀ.ਪੀ.ਐਮ. ਦੇ ਦੋਸ਼ਾਂ ਦਾ ਜ਼ੋਰਦਾਰ ਜਵਾਬ ਦਿੰਦਿਆਂ ਕਿਹਾ ਕਿ ਉਸ ਵੇਲੇ ਉਹ ਬਿਆਨ 'ਸਮੇਂ ਦੀ ਲੋੜ' ਸਨ ਅਤੇ ਇਹ ਬਿਆਨ ਵੀ ਉਨ੍ਹਾਂ ਉਸ ਵੇਲੇ ਦਿੱਤੇ ਜਦੋਂ ਸੀ.ਪੀ.ਐਮ. ਵਲੋਂ ਚੋਣ ਪ੍ਰਚਾਰ ਦੌਰਾਨ ਲਗਾਤਾਰ ਇਹ ਕਿਹਾ ਗਿਆ ਕਿ ਕਾਂਗਰਸ ਭਾਜਪਾ ਦੀ 'ਬੀ' ਟੀਮ ਹੈ |
ਤਕਰੀਬਨ ਢਾਈ ਘੰਟੇ ਚੱਲੀ ਮੀਟਿੰਗ 'ਚ ਬਣੀ 5 ਨੁਕਤਿਆਂ 'ਤੇ ਸਹਿਮਤੀ
ਲੰਮੇ ਚਿਰ ਬਾਅਦ ਹੋਈ 'ਇੰਡੀਆ' ਧੜੇ ਦੀ ਮੀਟਿੰਗ ਤਕਰੀਬਨ ਢਾਈ ਘੰਟੇ ਚੱਲੀ, ਜਿਸ 'ਚ ਸ਼ੁਰੂਆਤੀ ਇਤਰਾਜ਼ਾਂ ਅਤੇ ਸ਼ਿਕਾਇਤਾਂ ਤੋਂ ਬਾਅਦ ਸਰਬ ਸੰਮਤੀ ਨਾਲ ਪੰਜ ਨੁਕਤਿਆਂ 'ਤੇ ਸਹਿਮਤੀ ਬਣੀ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਮੀਟਿੰਗ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ 'ਇੰਡੀਆ' ਧੜੇ ਵਲੋਂ ਹੁਣ ਮੀਟਿੰਗਾਂ ਦਾ ਅਮਲ ਲਗਾਤਾਰ ਜਾਰੀ ਰੱਖਿਆ ਜਾਏਗਾ ਅਤੇ ਹਰ 2 ਮਹੀਨੇ ਬਾਅਦ ਮੀਟਿੰਗ ਰੱਖੀ ਜਾਏਗੀ | ਉਨ੍ਹਾਂ ਇਹ ਵੀ ਕਿਹਾ ਕਿ ਅਗਲੀ ਮੀਟਿੰਗ ਅਗਸਤ 'ਚ ਹੈਦਰਾਬਾਦ ਵਿਖੇ ਹੋਏਗੀ ਜਿਸ ਦੀ ਤਰੀਕ ਬਾਰੇ ਛੇਤੀ ਹੀ ਫ਼ੈਸਲਾ ਲਿਆ ਜਾਏਗਾ | ਇਸ ਤੋਂ ਇਲਾਵਾ ਮੌਨਸੂਨ ਇਜਲਾਸ 'ਚ ਵੀ ਰੋਜ਼ਾਨਾ 'ਇੰਡੀਆ' ਗੱਠਜੋੜ ਦੀ ਮੀਟਿੰਗ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਚੈਂਬਰ 'ਚ ਰੋਜ਼ਾਨਾ ਕੀਤੀ ਜਾਏਗੀ | ਮੀਟਿੰਗ 'ਚ ਨੀਟ ਪੇਪਰ ਲੀਕ ਨੂੰ ਲੈ ਕੇ ਵੀ ਚਰਚਾ ਹੋਈ ਅਤੇ 'ਇੰਡੀਆ' ਗੱਠਜੋੜ ਦੇ ਨੇਤਾਵਾਂ ਨੇ ਇਸ ਨੂੰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਨਾਕਾਮੀ ਦੱਸਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ | 'ਇੰਡੀਆ' ਧੜੇ ਨੇ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਕਵਾਇਦ ਦੇ ਵਿਰੋਧ 'ਚ ਚੀਫ਼ ਜਸਟਿਸ ਨੂੰ ਚਿੱਠੀ ਲਿਖਣ 'ਤੇ ਵੀ ਸਹਿਮਤੀ ਪ੍ਰਗਟਾਈ | ਨਾਲ ਹੀ ਆਰਥਿਕ ਸਥਿਤੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਲਈ ਕੇਂਦਰ ਸਰਕਾਰ ਤੋਂ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ |
ਮੀਟਿੰਗ 'ਚ ਸ਼ਾਮਿਲ ਹੋਈਆਂ 23 ਪਾਰਟੀਆਂ, ਡੀ.ਐਮ.ਕੇ. ਅਤੇ 'ਆਪ' ਨੇ ਬਣਾਈ ਦੂਰੀ
ਦਿੱਲੀ ਦੇ ਕੰਸਟੀਟਿਊਸ਼ਨ ਕਲੱਬ 'ਚ ਹੋਈ ਬੈਠਕ 'ਚ 23 ਸਿਆਸੀ ਪਾਰਟੀਆਂ ਸ਼ਾਮਿਲ ਹੋਈਆਂ ਜਿਨ੍ਹਾਂ 'ਚ ਸਮਾਜਵਾਦੀ ਪਾਰਟੀ, ਤਿ੍ਣਮੂਲ ਕਾਂਗਰਸ, ਐਨ.ਸੀ.ਪੀ., ਆਰ.ਜੇ.ਡੀ., ਸ਼ਿਵ ਸੈਨਾ (ਊਧਵ), ਸੀ.ਪੀ.ਆਈ. (ਐਮ), ਸੀ.ਪੀ.ਆਈ., ਝਾਰਖੰਡ ਮੁਕਤੀ ਮੋਰਚਾ, ਆਈ.ਯੂ.ਐਮ.ਐਲ., ਕੇਰਲ ਕਾਂਗਰਸ, ਵੀ.ਸੀ.ਕੇ., ਆਰ.ਐਸ.ਪੀ. ਆਦਿ ਸ਼ਾਮਿਲ ਸਨ | ਬੈਠਕ 'ਚ ਸ਼ਾਮਿਲ ਹੋਏ ਨੇਤਾਵਾਂ 'ਚ ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਤੇਜਸਵੀ ਯਾਦਵ, ਸੁਪਿ੍ਆ ਮੁਲੇ, ਕਪਿਲ ਸਿੱਬਲ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਆਦਿ ਸ਼ਾਮਿਲ ਸਨ | ਸ਼ਿਵ ਸੈਨਾ ਦੇ ਉਧਵ ਠਾਕਰੇ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ ਨੇ ਵਰਚੂਅਲ ਢੰਗ ਨਾਲ ਮੀਟਿੰਗ 'ਚ ਸ਼ਿਰਕਤ ਕੀਤੀ ਅਤੇ ਉਕਤ ਪੰਜ ਨੁਕਤਿਆਂ 'ਤੇ ਸਹਿਮਤੀ ਪ੍ਰਗਟਾਈ | ਬੈਠਕ 'ਚ ਡੀ.ਐਮ.ਕੇ. ਅਤੇ ਆਮ ਆਦਮੀ ਪਾਰਟੀ ਨੇ ਹਿੱਸਾ ਨਹੀਂ ਲਿਆ | ਬੈਠਕ 'ਚ ਮੌਜੂਦ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਡੀ.ਐਮ.ਕੇ. ਦੀ ਗ਼ੈਰ ਮੌਜੂਦਗੀ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਾਂਗਰਸ ਨੂੰ ਡੀ.ਐਮ.ਕੇ. ਨੂੰ ਮਨਾਉਣ ਲਈ ਕੋਸ਼ਿਸ਼ਾਂ ਤੇਜ਼ ਕਰਨ ਲਈ ਕਿਹਾ |
ਐੱਸ.ਆਈ.ਆਰ. 'ਤੇ ਚੀਫ਼ ਜਸਟਿਸ ਨੂੰ ਚਿੱਠੀ ਲਿਖਣ 'ਤੇ ਬਣੀ ਸਹਿਮਤੀ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ <br/>
ਅਜੀਤ ਡੈਸਕ
09-06-2026