![]()
ਜਤਿੰਦਰ ਪੰਮੀ ਸੁਰਜੀਤ ਸਿੰਘ ਸਾਹੀ
ਜਲੰਧਰ/ਫ਼ਤਹਿਗੜ੍ਹ ਸਾਹਿਬ, 9 ਨਵੰਬਰ –ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਅਤੇ ਪੰਜਾਬ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਕਾਰਨ ਸੂਬੇ ਦੀ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਗਈ ਹੈ। ਪਟਾਕਿਆਂ ਤੇ ਪਰਾਲੀ ਦੇ ਧੂੰਏਂ ਕਾਰਨ ਕਈ ਸ਼ਹਿਰਾਂ ਵਿਚ ਧੂੰਏਂ ਦੀ ਸੰਘਣੀ ਪਰਤ ਛਾਈ ਰਹੀ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਿਹਤ ਲਈ ਖ਼ਤਰਨਾਕ ਬਣੇ ਇਸ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਉੱਤੇ ਪੈਣ ਦਾ ਖ਼ਦਸ਼ਾ ਹੈ । ਸੈਟੇਲਾਈਟ ਰਾਹੀਂ ਪ੍ਰਾਪਤ ਅੰਕੜਿਆਂ ਅਨੁਸਾਰ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਪੰਜਾਬ ਵਿਚ ਪਰਾਲੀ ਸਾੜਨ ਦੀਆਂ 1152 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂਕਿ ਅਗਲੇ ਦਿਨ 198 ਹੋਰ ਘਟਨਾਵਾਂ ਸਾਹਮਣੇ ਆਈਆਂ। ਇਸ ਤੋਂ ਪਹਿਲਾਂ 7 ਨਵੰਬਰ ਨੂੰ 163 ਮਾਮਲੇ ਦਰਜ ਕੀਤੇ ਗਏ ਸਨ। ਇਸ ਤਰ੍ਹਾਂ ਦੋ ਦਿਨਾਂ ਵਿਚ ਪਰਾਲੀ ਸਾੜਨ ਦੀਆਂ 1350 ਘਟਨਾਵਾਂ ਸਾਹਮਣੇ ਆਈਆਂ। ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਤਰਨਤਾਰਨ ਵਿਚ ਸਭ ਤੋਂ ਵੱਧ 654 ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿਚ 592, ਸੰਗਰੂਰ ਵਿਚ 488, ਬਠਿੰਡਾ ਵਿਚ 406, ਪਟਿਆਲਾ ਵਿਚ 288 ਅਤੇ ਅੰਮ੍ਰਿਤਸਰ ਵਿਚ 247 ਘਟਨਾਵਾਂ ਸਾਹਮਣੇ ਆਈਆਂ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ 9 ਨਵੰਬਰ ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ ਮੰਡੀ ਗੋਬਿੰਦਗੜ੍ਹ ਦਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 382 ਦਰਜ ਕੀਤਾ ਗਿਆ, ਜੋ ਸੂਬੇ ਵਿਚ ਸਭ ਤੋਂ ਵੱਧ ਸੀ । ਜਲੰਧਰ ਦਾ ਏ.ਕਿਊ.ਆਈ. 327 ਅਤੇ ਲੁਧਿਆਣਾ ਦਾ 306 ਰਿਹਾ । ਇਸੇ ਤਰ੍ਹਾਂ ਖੰਨਾ ਵਿਚ 274, ਅੰਮ੍ਰਿਤਸਰ ਵਿਚ 244 ਅਤੇ ਪਟਿਆਲਾ ਵਿਚ 201 ਦਰਜ ਕੀਤਾ ਗਿਆ। ਬਹਾਦਰਗੜ੍ਹ ਵਿਚ ਏ.ਕਿਊ.ਆਈ. ਦਾ ਔਸਤ ਪੱਧਰ 400 ਤੱਕ ਪੁੱਜਣ ਦੀ ਰਿਪੋਰਟ ਹੈ, ਜਦੋਂਕਿ ਪਿਛਲੇ ਦਿਨ ਇਹ 325 ਸੀ। ਦੀਵਾਲੀ ਦੀ ਰਾਤ ਪਟਾਕੇ ਚਲਾਉਣ ਸਮੇਂ ਕੁਝ ਸ਼ਹਿਰਾਂ ਵਿਚ ਏ.ਕਿਊ.ਆਈ. ਦਾ ਪੱਧਰ ਅੱਧੀ ਰਾਤ ਦੌਰਾਨ 1000 ਤੋਂ ਵੀ ਉੱਪਰ ਜਾਣ ਦੀ ਰਿਪੋਰਟ ਸਾਹਮਣੇ ਆਈ । ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਖ਼ਤੀ ਕੀਤੇ ਜਾਣ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਪ੍ਰਸ਼ਾਸਨ ਵਲੋਂ ਜਾਰੀ ਅੰਕੜਿਆਂ ਅਨੁਸਾਰ 8 ਨਵੰਬਰ ਤੱਕ ਪਰਾਲੀ ਸਾੜਨ ਵਾਲੇ 884 ਕਿਸਾਨਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਦੋਂਕਿ 1017 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 1228 ਕਿਸਾਨਾਂ ਨੂੰ ਕੁੱਲ 62.55 ਲੱਖ ਰੁਪਏ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਹੈ, ਜਿਸ ਵਿਚੋਂ 32.60 ਲੱਖ ਰੁਪਏ ਵਸੂਲੇ ਜਾ ਚੁੱਕੇ ਹਨ। ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਤਾਇਨਾਤ ਨੋਡਲ ਤੇ ਨਿਗਰਾਨ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ 1103 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ 18 ਨਿਗਰਾਨ ਅਧਿਕਾਰੀਆਂ ਵਿਰੁੱਧ ਸੀ.ਏ.ਕਿਊ.ਐੱਮ. ਐਕਟ ਦੀ ਧਾਰਾ 14 ਤਹਿਤ ਮੁਕੱਦਮੇ ਦਾਇਰ ਕੀਤੇ ਗਏ ਹਨ। ਪਰਾਲੀ ਸਾੜਨ ਤੋਂ ਇਲਾਵਾ ਦੀਵਾਲੀ ਮੌਕੇ ਪਟਾਕਿਆਂ ਦੀ ਆਤਿਸ਼ਬਾਜ਼ੀ, ਵਾਹਨਾਂ ਵਿਚੋਂ ਨਿਕਲਣ ਵਾਲਾ ਧੂੰਆਂ, ਉਸਾਰੀ ਕਾਰਜਾਂ ਤੋਂ ਉੱਡਦੀ ਧੂੜ ਅਤੇ ਹਵਾ ਦੀ ਘੱਟ ਗਤੀ ਕਾਰਨ ਪ੍ਰਦੂਸ਼ਣ ਦੇ ਕਣ ਵਾਤਾਵਰਨ ਵਿਚ ਹੀ ਜਮ੍ਹਾਂ ਰਹੇ। ਇਸ ਕਾਰਨ ਕਈ ਇਲਾਕਿਆਂ ਵਿਚ ਧੂੰਏਂ ਅਤੇ ਧੁੰਦ ਦੀ ਮਿਲੀ-ਜੁਲੀ ਪਰਤ ਦੇਖਣ ਨੂੰ ਮਿਲੀ। ਸਿਹਤ ਮਾਹਿਰਾਂ ਅਨੁਸਾਰ ਪ੍ਰਦੂਸ਼ਣ ਦਾ ਵਧਿਆ ਪੱਧਰ ਬੱਚਿਆਂ, ਬਜ਼ੁਰਗਾਂ ਅਤੇ ਦਮਾ, ਦਿਲ ਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਅੱਖਾਂ ਵਿਚ ਜਲਣ, ਗਲੇ ਵਿਚ ਖ਼ਰਾਸ਼, ਖੰਘ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਅਜਿਹੇ ਹਾਲਾਤ ਵਿਚ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਿਕਲਣ ਅਤੇ ਖੁੱਲ੍ਹੇ ਵਿਚ ਕਸਰਤ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ । ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਆਇਆ ਵਾਧਾ ਸਰਕਾਰ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਵਾਸਤੇ ਮਸ਼ੀਨਰੀ ਅਤੇ ਆਰਥਿਕ ਤੌਰ ‘ਤੇ ਲਾਹੇਵੰਦ ਬਦਲ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਟਾਕਿਆਂ ਸੰਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ ਲੋੜ ਹੈ।