24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜੰਗਬੰਦੀ ਤੋੜਨ ਤੋਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਹਮਲੇ ਰੋਕੇ <br/>

Ad Position 21
No active advertisement
ਅਜੀਤ ਡੈਸਕ 09-06-2026

ਦੁਬਈ, 8 ਜੂਨ (ਏਜੰਸੀ)-ਇਜ਼ਰਾਈਲ ਨੇ ਸੋਮਵਾਰ ਨੂੰ ਪੱਛਮੀ ਅਤੇ ਮੱਧ ਈਰਾਨ 'ਚ ਫ਼ੌਜੀ ਟਿਕਾਣਿਆਂ 'ਤੇ ਹਮਲੇ ਕੀਤੇ | ਜਵਾਬ 'ਚ ਈਰਾਨ ਨੇ ਵੀ ਇਜ਼ਰਾਈਲ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨੂੰ ਇਜ਼ਰਾਈਲ ਨੇ ਹਵਾ 'ਚ ਹੀ ਰੋਕਣ ਦਾ ਦਾਅਵਾ ਕੀਤਾ ਹੈ | ਦੋ ਮਹੀਨੇ ਪਹਿਲਾਂ ਅਮਰੀਕਾ ਦੀ ਵਿਚੋਲਗੀ 'ਚ ਹੋਈ ਜੰਗਬੰਦੀ ਦੇ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਹਮਲਿਆਂ ਦਾ ਇਹ ਪਹਿਲਾ ਦੌਰ ਹੈ, ਇਸ ਨਾਲ ਮੱਧ ਪੂਰਬ 'ਚ ਫਿਰ ਤੋਂ ਵੱਡੀ ਜੰਗ ਦਾ ਖਤਰਾ ਪੈਦਾ ਹੋ ਗਿਆ ਹੈ | ਹਾਲਾਂਕਿ ਬਾਅਦ ਵਿਚ ਈਰਾਨੀ ਸੈਨਾ ਦੇ ਜਾਇੰਟ ਕਮਾਂਡ ਨੇ ਕਿਹਾ ਕਿ ਉਹ ਆਪਣੇ ਹਮਲੇ ਰੋਕ ਰਹੇ ਹਨ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਜ਼ਰਾਈਲ ਜਾਂ ਉਸ ਦੇ ਸਮਰਥਕ ਕੋਈ ਹੋਰ ਹਮਲਾਵਰ ਜਾਂ ਦੁਸ਼ਮਣੀ ਭਰੀ ਕਾਰਵਾਈ ਕਰਦੇ ਹਨ, ਜਿਸ 'ਚ ਦੱਖਣੀ ਲਿਬਨਾਨ 'ਚ ਕੀਤੀ ਜਾਣ ਵਾਲੀ ਕਾਰਵਾਈ ਵੀ ਸ਼ਾਮਿਲ ਹੈ, ਤਾਂ ਪਹਿਲਾਂ ਤੋਂ ਕਿਤੇ ਸਖ਼ਤ ਤੇ ਕਰਾਰਾ ਜਵਾਬ ਦਿੱਤਾ ਜਾਵੇਗਾ | 28 ਫਰਵਰੀ ਨੂੰ ਈਰਾਨ 'ਤੇ ਹਮਲਿਆਂ ਦੇ ਨਾਲ ਅਮਰੀਕਾ ਤੇ ਇਜ਼ਰਾਈਲ ਨੇ ਜੋ ਜੰਗ ਸ਼ੁਰੂ ਕੀਤੀ ਸੀ, ਉਸ ਨੇ ਵਿਸ਼ਵ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ | ਅਧਿਕਾਰੀ 8 ਅਪ੍ਰੈਲ ਨੂੰ ਹੋਈ ਜੰਗਬੰਦੀ ਨੂੰ ਸੰਘਰਸ਼ ਨੂੰ ਸਥਾਈ ਰੂਪ ਨਾਲ ਖਤਮ ਕਰਨ ਵਾਲੇ ਸਮਝੌਤੇ 'ਚ ਬਦਲਣ 'ਚ ਨਾਕਾਮ ਰਹੇ ਹਨ | ਇਜ਼ਰਾਈਲ ਹਮਲੇ ਤੋਂ ਬਾਅਦ ਈਰਾਨ ਨੇ ਤਹਿਰਾਨ ਦੇ ਇਮਾਮ ਖੁਮੈਨੀ ਕੌਮਾਂਤਰੀ ਹਵਾਈ ਅੱਡੇ ਦੇ ਆਲੇ ਦੁਆਲੇ ਦੇ ਏਅਰਸਪੇਸ ਨੂੰ ਬੰਦ ਕਰ ਦਿੱਤਾ | ਸਥਾਨਕ ਸੂਤਰਾਂ ਅਨੁਸਾਰ ਇਜ਼ਰਾਈਲੀ ਹਮਲਿਆਂ 'ਚ ਖੁਜੇਸਤਾਨ ਪ੍ਰਾਂਤ ਦੇ ਮਾਹਸ਼ਹਿਰ ਸ਼ਹਿਰ 'ਚ ਇਕ ਪੈਟਰੋਕੈਮੀਕਲ ਫੈਕਟਰੀ ਤੇ ਬਾਅਦ 'ਚ ਟਰੱਕ-ਬੇਸਡ ਮਿਜ਼ਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ | ਇਜ਼ਰਾਈਲ ਨੇ ਕਿਹਾ ਕਿ ਉਸ ਦੇ ਹਮਲੇ ਈਰਾਨ ਦੇ ਮਿਜ਼ਾਈਲ ਹਮਲਿਆਂ ਦੇ ਜਵਾਬ 'ਚ ਸਨ | ਈਰਾਨ ਨੇ ਕਿਹਾ ਕਿ ਉਸ ਨੇ ਇਜ਼ਰਾਈਲ 'ਚ ਦੋ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ |
ਤਣਾਅ ਵਧਣ ਲਈ ਅਮਰੀਕਾ ਜ਼ਿੰਮੇਵਾਰ-ਬਘਾਈ
ਤਹਿਰਾਨ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਕੋਈ ਵੀ ਇਹ ਨਹੀਂ ਮੰਨਦਾ ਕਿ ਇਜ਼ਰਾਈਲੀ ਸਰਕਾਰ ਅਮਰੀਕਾ ਦੇ ਤਾਲਮੇਲ ਬਿਨਾਂ ਕੋਈ ਕਾਰਵਾਈ ਕਰੇਗੀ | ਉਨ੍ਹਾਂ ਕਿਹਾ ਕਿ ਇਜ਼ਰਾਈਲ ਵਲੋਂ ਕੀਤੇ ਹਮਲਿਆਂ 'ਚ ਅਮਰੀਕਾ ਜ਼ਿੰਮੇਵਾਰ ਹੈ |
ਹੂਤੀਆਂ ਵਲੋਂ ਇਜ਼ਰਾਈਲ 'ਤੇ ਹਮਲੇ ਦਾ ਦਾਅਵਾ
ਯਮਨ 'ਚ ਈਰਾਨ ਸਮਰਥਕ ਹੂਤੀ ਵਿਦਰੋਹੀਆਂ ਨੇ ਸੋਮਵਾਰ ਨੂੰ ਇਜ਼ਰਾਈਲ 'ਤੇ ਹਮਲੇ ਦਾ ਦਾਅਵਾ ਕੀਤਾ ਤੇ ਕਿਹਾ ਕਿ ਲਾਲ ਸਾਗਰ 'ਚ ਇਜ਼ਰਾਈਲ ਨਾਲ ਜੁੜੇ ਜਹਾਜ਼ ਫਿਰ ਉਨ੍ਹਾਂ ਦੇ ਨਿਸ਼ਾਨੇ 'ਤੇ ਹੋਣਗੇ | ਬਿ੍ਗੇਡੀਅਰ ਜਨਰਲ ਯਾਹਿਆ ਸਰੀ ਦਾ ਇਹ ਬਿਆਨ ਹੂਤੀਆਂ ਦੇ ਅਲ-ਮਸੀਰਾਹ ਸੈਟੇਲਾਈਟ ਨਿਊਜ਼ ਚੈਨਲ 'ਤੇ ਪ੍ਰਸਾਰਿਤ ਕੀਤਾ ਗਿਆ |
ਭਾਰਤ ਵਲੋਂ ਤੁਰੰਤ ਤਣਾਅ ਘਟਾਉਣ ਦਾ ਸੱਦਾ
ਨਵੀਂ ਦਿੱਲੀ, 8 ਜੂਨ (ਏਜੰਸੀ)-ਭਾਰਤ ਨੇ ਪੱਛਮੀ ਏਸ਼ੀਆ 'ਚ ਵਧ ਰਹੇ ਟਕਰਾਅ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਚੱਲ ਰਹੀ ਗੱਲਬਾਤ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦਾ ਸੱਦਾ ਦਿੱਤਾ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਸਾਰੀਆਂ ਧਿਰਾਂ ਨੂੰ ਤੁਰੰਤ ਤਣਾਅ ਘਟਾਉਣ, ਇਹ ਯਕੀਨੀ ਬਣਾਉਣ ਕਿ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਅਤੇ ਕੂਟਨੀਤਕ ਹੱਲ ਲਈ ਚੱਲ ਰਹੀ ਗੱਲਬਾਤ ਨੂੰ ਨੇਪਰੇ ਚਾੜ੍ਹਨ ਦਾ ਸੱਦਾ ਦਿੰਦੇ ਹਾਂ |
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਕਿਹਾ
ਤਲ ਅਵੀਵ/ਦੁਬਈ, 8 ਜੂਨ (ਏਜੰਸੀ)-ਭਾਰਤ ਨੇ ਇਜ਼ਰਾਈਲ ਤੇ ਈਰਾਨ 'ਚ ਮੌਜੂਦ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਉਹ ਬਹੁਤ ਸਾਵਧਾਨੀ ਵਰਤਣ, ਚੌਕਸ ਰਹਿਣ ਤੇ ਇਨ੍ਹਾਂ ਦੇਸ਼ਾਂ ਦੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ | ਈਰਾਨ 'ਚ ਭਾਰਤੀ ਦੂਤਘਰ ਨੇ 'ਐਕਸ' 'ਤੇ ਕਿਹਾ ਕਿ ਖੇਤਰ 'ਚ ਹਾਲ ਹੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਦੂਤਘਰ ਸਾਰੇ ਭਾਰਤੀ ਨਾਗਰਿਕਾਂ ਨੂੰ ਆਪਣੀ ਪਿਛਲੀ ਸਲਾਹ ਦੁਹਰਾਉਂਦਾ ਹੈ ਕਿ ਉਹ ਈਰਾਨ ਦੀ ਯਾਤਰਾ ਕਰਨ ਤੋਂ ਬਚਣ | ਉਨ੍ਹਾਂ ਈਰਾਨ 'ਚ ਮੌਜੂਦ ਭਾਰਤੀਆਂ ਨੂੰ ਉਪਲੱਬਧ ਆਵਾਜਾਈ ਸਾਧਨਾਂ ਜ਼ਰੀਏ ਦੇਸ਼ ਛੱਡਣ ਦੀ ਸਲਾਹ ਵੀ ਦਿੱਤੀ | ਇਜ਼ਰਾਈਲ 'ਚ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ਕੋਲ ਰਹਿਣ ਦੀ ਸਲਾਹ ਦਿੱਤੀ ਗਈ ਹੈ | ਦੂਤਘਰ ਨੇ ਕਿਹਾ ਕਿ ਭਾਰਤੀ ਨਾਗਰਿਕ ਅਗਲੀ ਸੂਚਨਾ ਤੱਕ ਇਜ਼ਰਾਈਲ ਅੰਦਰ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ | ਇਜ਼ਰਾਈਲ 'ਚ ਭਾਰਤੀ ਦੂਤਘਰ ਨੇ ਕਿਸੇ ਵੀ ਹੰਗਾਮੀ ਸਥਿਤੀ 'ਚ ਸੰਪਰਕ ਕਰਨ ਲਈ ਨਾਗਰਿਕਾਂ ਲਈ ਟੈਲੀਫ਼ੋਨ +972-54-7520711, +972-54-2428378 ਤੇ ਈਮੇਲ cons1.telaviv0mea.gov.in ਵੀ ਜਾਰੀ ਕੀਤੇ | ਤਲ ਅਵੀਵ 'ਚ ਭਾਰਤੀ ਮਿਸ਼ਨ ਨੇ ਕਿਹਾ ਕਿ ਦੂਤਘਰ ਸੰਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹੈ ਤੇ ਜ਼ਰੂਰਤ ਪੈਣ 'ਤੇ ਹੋਰ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਹੁਣ 'ਇੰਡੀਆ' ਗੱਠਜੋੜ ਦਾ ਹਿੱਸਾ ਨਹੀਂ ਹਾਂ-'ਆਪ' ਅਗਲੀ ਖ਼ਬਰ ਟੀ.ਐਮ.ਸੀ. ਦੇ 20 ਸੰਸਦ ਮੈਂਬਰਾਂ ਨੇ ਕੀਤੀ ਬਗ਼ਾਵਤ <br/>
Ad Position 24