ਕਿਹਾ, ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ ਹਾਂ
ਵਾਸ਼ਿੰਗਟਨ, 8 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਈਰਾਨ ਦੇ ਤਾਜ਼ਾ ਮਿਜ਼ਾਈਲ ਹਮਲਿਆਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਜੰਗ ਨੂੰ ਖ਼ਤਮ ਕਰਨ ਲਈ ਹੋ ਰਹੀ ਸ਼ਾਂਤੀ ਗੱਲਬਾਤ ਖ਼ਤਰੇ 'ਚ ਪੈ ਸਕਦੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਤੇ ਈਰਾਨ ਸਮਝੌਤੇ ਦੇ ਬਹੁਤ ਨੇੜੇ ਹਨ ਅਤੇ ਅਗਲੇ ਕੁਝ ਦਿਨਾਂ 'ਚ ਇਸ 'ਤੇ ਦਸਤਖ਼ਤ ਹੋ ਸਕਦੇ ਹਨ। ਉਨ੍ਹਾਂ ਨੇ ਈਰਾਨ ਨੂੰ ਵੀ ਕਿਹਾ ਕਿ ਉਨ੍ਹਾਂ ਨੇ ਮਿਜ਼ਾਈਲਾਂ ਦਾਗ ਕੇ ਆਪਣਾ ਸ਼ੌਕ ਪੂਰਾ ਕਰ ਲਿਆ ਹੈ, ਹੁਣ ਉਹ ਵਾਪਸ ਗੱਲਬਾਤ ਦੀ ਮੇਜ਼ 'ਤੇ ਆਉਣ। ਟਰੰਪ ਮੁਤਾਬਕ ਈਰਾਨੀ ਹਮਲੇ 'ਚ ਕਿਸੇ ਦਾ ਨੁਕਸਾਨ ਨਹੀਂ ਹੋਇਆ ਹੈ, ਇਸ ਲਈ ਇਜ਼ਰਾਈਲ ਨੂੰ ਹੁਣ ਪਲਟਵਾਰ ਨਹੀਂ ਕਰਨਾ ਚਾਹੀਦਾ। ਟਰੰਪ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਅਮਰੀਕਾ ਜੋ ਵੀ ਸਮਝੌਤਾ ਕਰੇਗਾ, ਨੇਤਨਯਾਹੂ ਕੋਲ ਉਸ ਨੂੰ ਮੰਨਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ, ਕਿਉਂਕਿ ਸਾਰੇ ਫੈਸਲੇ ਮੈਂ (ਟਰੰਪ) ਲੈਂਦਾ ਹਾਂ। ਟਰੰਪ ਨੇ ਐਤਵਾਰ ਨੂੰ ਬੇਰੂਤ 'ਤੇ ਹੋਏ ਇਜ਼ਰਾਇਲੀ ਹਮਲਿਆਂ ਦੀ ਵੀ ਆਲੋਚਨਾ ਕੀਤੀ।
ਈਰਾਨ 'ਤੇ ਹਮਲੇ ਨਾ ਕਰੇ ਨੇਤਨਯਾਹੂ-ਟਰੰਪ
ਅਜੀਤ ਡੈਸਕ
09-06-2026