ਨਵੀਂ ਦਿੱਲੀ, 10 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ’ਚ ਚੜ੍ਹਾਵਾ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਤਵਾਰ ਨੂੰ ਸੁੰਦਰਕਾਂਡ ਪਾਠ ਕਰਵਾਉਣ ਅਤੇ ਦੇਸ਼ ਭਰ ’ਚ ਦਸਤਖ਼ਤ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਦਿੱਲੀ ਦੇ ਰੋਹਿਣੀ ਸੈਕਟਰ-10 ਸਥਿਤ ਜੇ.ਐਮ.ਡੀ. ਟੈਂਟ, ਜਪਾਨੀ ਪਾਰਕ ਵਿਚ ਸਵੇਰੇ 10 ਵਜੇ ਸੁੰਦਰਕਾਂਡ ਪਾਠ ਕੀਤਾ ਜਾਵੇਗਾ। ਇਸ ਤੋਂ ਬਾਅਦ ਦੇਸ਼ ਭਰ ’ਚ ਦਸਤਖ਼ਤ ਮੁਹਿੰਮ ਚਲਾਈ ਜਾਵੇਗੀ। ‘ਆਪ’ ਮੁੱਖ ਦਫ਼ਤਰ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੇ ਘਟਨਾਕ੍ਰਮ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਰਾਮ ਮੰਦਰ ’ਚ ਚੜ੍ਹਾਵਾ ਚੋਰੀ ਕਰਨ ਵਾਲਿਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ, ਜਦਕਿ ਸਨਾਤਨ ਦੇ ਇਨ੍ਹਾਂ ਗੁਨਾਹਗਾਰਾਂ ਨੂੰ ਫਾਂਸੀ ਮਿਲਣੀ ਚਾਹੀਦੀ ਸੀ। ਕੇਜਰੀਵਾਲ ਨੇ ਕਿਹਾ ਕਿ ਹੁਣ ਹਰ ਸਨਾਤਨੀ ਹਿੰਦੂ ਦਾ ਧਰਮ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰੇ। ਦਸਤਖ਼ਤ ਮੁਹਿੰਮ ’ਚ ਇਕ ਪੱਤਰ ’ਤੇ ਰਾਮ ਭਗਤ ਦਸਤਖ਼ਤ ਕਰਨਗੇ, ਜੋ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਭੇਜੇ ਜਾਣਗੇ।
ਰਾਮ ਮੰਦਰ ਚੜ੍ਹਾਵਾ ਚੋਰੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕਰੇਗੀ ‘ਆਪ’- ਕੇਜਰੀਵਾਲ
ਅਜੀਤ ਡੈਸਕ
11-07-2026