ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 11 ਜੁਲਾਈ- ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪੰਜ ਦਿਨਾਂ ਦੌਰੇ ਉੱਤੇ ਆਏ ਹੋਏ ਸਨ, ਪਰ ਅੱਜ ਉਹ ਆਪਣਾ ਦੌਰਾ ਖ਼ਤਮ ਕਰਕੇ ਵਾਪਸ ਪਰਤ ਗਏ, ਪਰ ਪੰਜਾਬ ਕਾਂਗਰਸ ਵਿਚਾਲੇ ਛਿੜੀ ਖ਼ਾਨਾ-ਜੰਗੀ ਖ਼ਤਮ ਹੋਣ ਦੀ ਬਜਾਏ ਹੋਰ ਵੱਧਦੀ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਅੱਜ ਨਾਰਾਜ਼ ਧੜੇ ਵਲੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਮੁਲਾਕਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਦੇ ਨਾਲ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਇਸ ਖੇਮੇ ਦੀ ਮੀਟਿੰਗ ਵਿਚ ਨਜ਼ਰ ਆਏ । ਇਸ ਦੇ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਦੇ ਸੀਨੀਅਰ ਆਗੂ ਵਿਧਾਇਕ, ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਇੱਥੇ ਪੁੱਜੇ ਹੋਏ ਸਨ, ਜਿਨ੍ਹਾਂ ਨਾਲ ਭੁਪੇਸ਼ ਬਘੇਲ ਵਲੋਂ 90 ਮਿੰਟ ਦੇ ਕਰੀਬ ਗੱਲਬਾਤ ਕੀਤੀ ਗਈ, ਪਰ ਦੋਵੇਂ ਧੜਿਆਂ ਵਿਚਾਲੇ ਕੋਈ ਸਹਿਮਤੀ ਬਣਨ ਦੀ ਬਜਾਏ ਗੱਲ ਉਥੇ ਦੀ ਉੱਥੇ ਖੜ੍ਹੀ ਹੈ । ਇਸ ਤੋਂ ਪਹਿਲਾਂ ਨਾਰਾਜ਼ ਧੜੇ ਵਲੋਂ ਭੁਪੇਸ਼ ਬਘੇਲ ਨਾਲ ਸਿਰਫ਼ ਦੋ ਆਗੂਆਂ ਦੀ ਮੁਲਾਕਾਤ ਦਾ ਜ਼ਿਕਰ ਕੀਤਾ ਗਿਆ ਸੀ, ਪਰ ਅੱਜ ਰਾਣਾ ਗੁਰਜੀਤ ਸਿੰਘ ਦੇ ਘਰ ਚਰਨਜੀਤ ਸਿੰਘ, ਚੰਨੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਧੜੇ ਵਲੋਂ ਬਘੇਲ ਦੀ ਹਾਜ਼ਰੀ ਵਿਚ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਮੀਟਿੰਗ ਬਾਰੇ ਉੱਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੁਪੇਸ਼ ਬਘੇਲ ਜਰੀਏ ਹਾਈਕਮਾਨ ਅੱਗੇ ਨਰਾਜ਼ ਧੜੇ ਵਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਮੰਗ ਰੱਖੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਨਾਰਾਜ਼ ਆਗੂਆਂ ਦੇ ਧੜੇ ਵਲੋਂ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਅਰੁਣਾ ਚੌਧਰੀ ਸਮੇਤ ਕਈਆਂ ਵਲੋਂ ਸੰਬੋਧਨ ਕੀਤਾ ਗਿਆ । ਇਕ ਸੀਨੀਅਰ ਆਗੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦੌਰਾਨ ਭੁਪੇਸ਼ ਬਘੇਲ ਨੂੰ ਕਿਹਾ ਗਿਆ ਕਿ ਇਸ ਦੌਰਾਨ 80 ਤੋਂ ਵੱਧ ਹਲਕਾ ਇੰਚਾਰਜ ਪੁੱਜੇ ਹੋਏ ਸਨ, ਜਦਕਿ ਸੱਤ ਅੱਠ ਹਲਕਾ ਇੰਚਾਰਜਾਂ ਦਾ ਸਮਰਥਨ ਉਨ੍ਹਾਂ ਦੇ ਮੀਟਿੰਗ ’ਚ ਨਾ ਆਉਣ ਦੇ ਬਾਵਜੂਦ ਵੀ ਮਿਲ ਗਿਆ ਸੀ, ਜਿਸ ਦੀ ਜਾਣਕਾਰੀ ਭੁਪੇਸ਼ ਬਘੇਲ ਨੂੰ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭੁਪੇਸ਼ ਬਘੇਲ ਅੱਗੇ ਇਹ ਗੱਲ ਰੱਖੀ ਗਈ ਕਿ ਉਨ੍ਹਾਂ ਨੂੰ ਸਮਝੌਤਾ ਕਰਨ ਵਾਲਾ ਲੀਡਰ ਨਹੀਂ ਚਾਹੀਦਾ, ਉਨ੍ਹਾਂ ਨੂੰ ਪ੍ਰਧਾਨ ਚਾਹੀਦਾ ਹੈ ਜੋ ਸਰਕਾਰ ਦੇ ਖ਼ਿਲਾਫ਼ ਠੋਕ ਕੇ ਬੋਲ ਸਕੇ । ਉਨ੍ਹਾਂ ਦੱਸਿਆ ਕਿ ਭੁਪੇਸ਼ ਬਘੇਲ ਨੂੰ ਇਹ ਵੀ ਕਿਹਾ ਗਿਆ ਕਿ ਸਾਰੇ ਪਾਰਟੀ ਦੇ ਇੱਕਜੁੱਟਤਾ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣਾਉਣਾ ਚਾਹੁੰਦੇ ਹਨ, ਪਰ ਮੌਜੂਦਾ ਪ੍ਰਧਾਨ ਦੀ ਅਗਵਾਈ ਵਿਚ ਸਰਕਾਰ ਬਣਦੀ ਦਿਖਾਈ ਨਹੀਂ ਦੇ ਰਹੀ । ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਡੇ ਕਾਫ਼ਲੇ ਨਾਲ ਉਨ੍ਹਾਂ ਨੂੰ ਮੁਹਾਲੀ ਹਵਾਈ ਅੱਡੇ ਤੱਕ ਛੱਡਣ ਗਏ । ਉਧਰ ਏਅਰਪੋਰਟ ਪਹੁੰਚਣ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭੁਪੇਸ਼ ਬਘੇਲ ਨੂੰ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਬਿਲਕੁਲ ਸਹੀ ਹੈ ਸਮਝੌਤਾਵਾਦੀ ਲੀਡਰਸ਼ਿਪ ਸਾਨੂੰ ਨਹੀਂ ਚਾਹੀਦੀ, ਜੋ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲੈਣ ਤੇ ਅਜਿਹਾ ਉਹ ਬਿਲਕੁਲ ਨਹੀਂ ਹੋਣ ਦੇਣਗੇ। ਦੂਜੇ ਪਾਸੇ ਰਾਜਾ ਵੜਿੰਗ ਨੇ ਰੰਧਾਵਾ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਕਾਂਗਰਸ ਵਿਚ ਕੋਈ ਵੀ ਸਮਝੌਤਾਵਾਦੀ ਆਗੂ ਜਾਂ ਸਲੀਪਰ ਸੈੱਲ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਅਤੇ ਸੁਖਜਿੰਦਰ ਸਿੰਘ ਰੰਧਾਵਾ ਕਈ ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ ਤੇ ਜੇਕਰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੁੰਦਾ ਤਾਂ ਉਹ ਇੰਨਾ ਲੰਮਾ ਸਮਾਂ ਇਕੱਠੇ ਨਾ ਰਹਿੰਦੇ। ਮੀਟਿੰਗ ਤੋਂ ਬਾਅਦ ਇਕ ਸੀਨੀਅਰ ਆਗੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਬੇਹੱਦ ਗੂੜੇ ਰਿਸ਼ਤੇ ਰਹੇ ਹਨ, ਪਰ ਪਤਾ ਨਹੀਂ ਅਜਿਹਾ ਕੀ ਕਾਰਨ ਬਣਿਆ ਕਿ ਦੋਨਾਂ ਵਿਚ ਨਾਰਾਜ਼ਗੀ ਇਸ ਕਦਰ ਵੱਧ ਗਈ ਹੈ। ਉੱਧਰ ਇਸ ਗੱਲ ਦੀ ਚਰਚਾ ਵੀ ਹੋਣ ਲੱਗੀ ਹੈ ਕਿ ਭੁਪੇਸ਼ ਬਘੇਲ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਾਉਣ ਲਈ ਪੰਜਾਬ ਦੌਰੇ ’ਤੇ ਆਏ ਸਨ, ਪਰ ਇਸ ਦੌਰਾਨ ਧੜੇਬੰਦੀ ਖ਼ਤਮ ਨਹੀਂ ਹੋਈ ਤੇ ਉਹ ਆਪਣਾ ਦੌਰਾਨ ਪੂਰਾ ਕਰਕੇ ਵਾਪਸ ਵੀ ਪਰਤ ਗਏ ਹਨ । ਅੱਜ ਦੀ ਮੀਟਿੰਗ ਵਿਚ ਸ਼ੇਰ ਸਿੰਘ ਘੁਬਾਇਆ, ਗੁਰਪ੍ਰੀਤ ਸਿੰਘ ਕਾਂਗੜ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਬਲਵਿੰਦਰ ਸਿੰਘ ਧਾਲੀਵਾਲ, ਬਰਿੰਦਰਮੀਤ ਸਿੰਘ ਪਹਾੜਾ, ਦਰਸ਼ਨ ਸਿੰਘ ਬਰਾੜ, ਲਖਵਿੰਦਰ ਸਿੰਘ ਲੱਖਾ, ਬਰਿੰਦਰ ਸਿੰਘ ਢਿੱਲੋਂ, ਮਾਲਵਿਕਾ ਸੂਦ, ਰੁਪਿੰਦਰ ਕੌਰ ਰੂਬੀ, ਭਾਰਤ ਭੂਸ਼ਨ ਆਸ਼ੂ, ਨਰੇਸ਼ ਪੁਰੀ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋ, ਰਜ਼ੀਆ ਸੁਲਤਾਨਾ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਵਤਾਰ ਸਿੰਘ ਜੂਨੀਅਰ, ਇੰਦਰਵੀਰ ਸਿੰਘ ਬੁਲਾਰੀਆ, ਸੰਤੋਖ ਸਿੰਘ ਭਲਾਈਪੁਰ , ਰਜਿੰਦਰ ਬੇਰੀ, ਅੰਗਦ ਸੈਣੀ, ਪਰਮਿੰਦਰ ਸਿੰਘ ਪਿੰਕੀ, ਦਲਬੀਰ ਸਿੰਘ ਗੋਲਡੀ, ਤਰਸੇਮ ਸਿੰਘ ਡੀਸੀ, ਕਰਨਵੀਰ ਸਿੰਘ ਬੁਰਜ, ਭਗਵੰਤ ਪਾਲ ਸਿੰਘ ਸੱਚਰ ਤੇ ਹੋਰ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।
ਬਘੇਲ ਨਾਲ ਬਾਗ਼ੀ ਧੜੇ ਦੀ ਮੁਲਾਕਾਤ ਨਹੀਂ ਮੁੱਕਿਆ ਪੰਜਾਬ ਕਾਂਗਰਸ ਦਾ ਰੇੜਕਾ
ਅਜੀਤ ਡੈਸਕ
12-07-2026