ਸਾਰਿਆਂ ਦੀ ਰਾਇ ਤੇ ਇਤਰਾਜ਼ ਹਾਈਕਮਾਨ ਅੱਗੇ ਰੱਖੇ ਜਾਣਗੇ-ਬਘੇਲ
ਅਜੀਤ ਡੈਸਕ
12-07-2026
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਕੁਝ ਆਗੂਆਂ ਨੇ ਇਹ ਚਿੰਤਾ ਜਤਾਈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਅਹੁਦੇ ਦਾ ਪ੍ਰਭਾਵ ਵਰਤ ਕੇ ਕਈ ਆਗੂਆਂ ਦੀਆਂ ਟਿਕਟਾਂ ਕਟਵਾ ਸਕਦੇ ਹਨ । ਇਸ ਦੇ ਜਵਾਬ ਵਿਚ ਭੁਪੇਸ਼ ਬਘੇਲ ਨੇ ਸਪੱਸ਼ਟ ਕੀਤਾ ਕਿ ਟਿਕਟਾਂ ਦਾ ਫ਼ੈਸਲਾ ਸਿਰਫ਼ ਜਿੱਤਣ ਦੀ ਯੋਗਤਾ ਦੇ ਆਧਾਰ ’ਤੇ ਹੀ ਕੀਤਾ ਜਾਵੇਗਾ । ਮੀਟਿੰਗ ਦੌਰਾਨ ਭੁਪੇਸ਼ ਬਘੇਲ ਨੇ ਪਾਰਟੀ ਅਨੁਸ਼ਾਸਨ ’ਤੇ ਵੀ ਜ਼ੋਰ ਦਿੱਤਾ । ਸੰਬੋਧਨ ਕਰਦੇ ਭੁਪੇਸ਼ ਬਘੇਲ ਨੇ ਕਿਹਾ ਕਿ ਸਾਰਿਆਂ ਦੇ ਇਤਰਾਜ਼ ਤੇ ਰਾਇ ਆ ਗਈ ਹੈ, ਜਿਸ ਨੂੰ ਹਾਈ ਕਮਾਨ ਅੱਗੇ ਰੱਖ ਦਿੱਤਾ ਜਾਵੇਗਾ। ਮੀਟਿੰਗ ਵਿਚ ਇਸ ਦੇ ਇਲਾਵਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪ੍ਰਗਟ ਸਿੰਘ, ਓ.ਪੀ. ਸੋਨੀ, ਮੁਹੰਮਦ ਸਦੀਕ, ਗੁਰਕੀਰਤ ਸਿੰਘ ਕੋਟਲੀ, ਬਲਕੌਰ ਸਿੰਘ ਸਮੇਤ ਹੋਰ ਵੀ ਕਈ ਆਗੂ ਸ਼ਾਮਿਲ ਹੋਏ ਤੇ ਆਪਣੀ ਰਾਇ ਅਤੇ ਇਤਰਾਜ਼ ਭੁਪੇਸ਼ ਬਘੇਲ ਅੱਗੇ ਰੱਖੇ। ਹਾਲਾਂਕਿ ਬਾਹਰ ਆ ਕੇ ਮੀਟਿੰਗ ਤੋਂ ਬਾਅਦ ਭੁਪੇਸ਼ ਬਘੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਕਿਸਮ ਦੀ ਕੋਈ ਨਾਰਾਜ਼ਗੀ ਨਹੀਂ ਹੈ, ਸਾਰਿਆਂ ਦੀ ਗੱਲ ਸੁਣ ਲਈ ਗਈ ਹੈ, ਉਨ੍ਹਾਂ ਦੇ ਇਤਰਾਜ਼ ਅਤੇ ਮੰਗਾਂ ਬਾਰੇ ਸਾਰੀ ਜਾਣਕਾਰੀ ਹਾਈਕਮਾਨ ਨੂੰ ਦੇ ਦਿੱਤੀ ਜਾਵੇਗੀ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦੇ ਸਵਾਲ ’ਤੇ ਬਘੇਲ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਪਰ ਉਹ ਇਸ ਸੰਬੰਧੀ ਵੀ ਹਾਈਕਮਾਨ ਨੂੰ ਜਾਣੂ ਕਰਵਾਉਣਗੇ। ਇਸ ਦੌਰਾਨ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਰੇ ਵਿਚਾਰ ਭੁਪੇਸ਼ ਬਘੇਲ ਸਾਹਮਣੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ‘ਸਮਝੌਤਾਵਾਦੀ ਆਗੂ’ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਹਾਈਕਮਾਨ ਵਲੋਂ ਸੰਗਠਨ ਸੰਬੰਧੀ ਲਏ ਗਏ ਕੁਝ ਫ਼ੈਸਲਿਆਂ ’ਤੇ ਮੁੜ ਵਿਚਾਰ ਵੀ ਕੀਤਾ ਜਾ ਸਕਦਾ ਹੈ । ਮੀਟਿੰਗ ਤੋਂ ਬਾਅਦ ਬਾਹਰ ਆ ਕੇ ਸਾਰੇ ਆਗੂ ਪੱਤਰਕਾਰਾਂ ਅੱਗੇ ਕੁਝ ਵੀ ਕਹਿਣ ਤੋਂ ਟਾਲ਼ਾ ਵੱਟਦੇ ਰਹੇ, ਕਿਉਂਕਿ ਜਾਣਕਾਰੀ ਅਨੁਸਾਰ ਸਾਰੇ ਆਗੂਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਮੀਡੀਆ ਵਿਚ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਜਾਵੇ । ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦਿੱਤੇ ਬਿਆਨ ਬਾਰੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਰੰਧਾਵਾ ਬੜੇ ਸੁਲਝੇ ਹੋਏ ਤੇ ਸੀਨੀਅਰ ਆਗੂ ਹਨ ਤੇ ਜੇਕਰ ਉਨ੍ਹਾਂ ਨੇ ਕੋਈ ਬਿਆਨ ਦਿੱਤਾ ਹੈ, ਤਾਂ ਉਹੀ ਇਸ ਗੱਲ ਦਾ ਜਵਾਬ ਦੇ ਸਕਦੇ ਹਨ। ਚੰਨੀ ਧੜੇ ਨਾਲ ਮੀਟਿੰਗ ਤੋਂ ਬਾਅਦ ਭੁਪੇਸ਼ ਬਘੇਲ ਨੇ ਆਪਣਾ ਪੰਜਾਬ ਦੌਰਾ ਸਮਾਪਤ ਕਰ ਦਿੱਤਾ।