ਸ਼ਿਵ ਸ਼ਰਮਾ
ਜਲੰਧਰ, 12 ਜੁਲਾਈ-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ 17 ਜੁਲਾਈ ਨੂੰ ਪੰਜਾਬ ਦੀ ਪ੍ਰਸਤਾਵਿਤ ਫੇਰੀ ਦੌਰਾਨ ਜਿੱਥੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਲੋਕ ਅਰਪਣ ਕੀਤਾ ਜਾਵੇਗਾ ਤੇ ਉੱਥੇ ਉਨ੍ਹਾਂ ਦੀ ਜਲੰਧਰ ਵਿਚ ਪਿਛਲੇ 5 ਮਹੀਨੇ ਵਿਚ ਦੂਜੀ ਫੇਰੀ ਨਾਲ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮਿਸ਼ਨ-2027 ਨੂੰ ਹੋਰ ਵੀ ਮਜ਼ਬੂਤੀ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਸ੍ਰੀ ਮੋਦੀ ਦੀਆਂ ਪੰਜਾਬ ਫੇਰੀਆਂ ਨਾਲ ਭਾਰਤੀ ਜਨਤਾ ਪਾਰਟੀ ਨੇ ਮਿਸ਼ਨ -2027 ਦਾ ਸੁਫਨਾ ਸਾਕਾਰ ਹੋਣ ਦੀ ਵੀ ਆਸ ਲਗਾਈ ਹੈ, ਜਿਸ ਦੇ ਤਹਿਤ ਕਰਵਾਏ ਜਾ ਰਹੇ ਵਿਕਾਸ ਕੰਮਾਂ ਕਰਕੇ ਅਗਲੇ ਸਾਲ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਵਿਚ ਸਫਲ ਹੋਵੇਗੀ । ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਪੰਜਾਬ ਫੇਰੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਜਿੱਥੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਤੇ ਉੱਥੇ ਸਿਆਸੀ ਹਲਕਿਆਂ ਵਿਚ ਵੀ ਕਾਫ਼ੀ ਹਲਚਲ ਨਜ਼ਰ ਆ ਰਹੀ ਹੈ । ਭਾਰਤੀ ਜਨਤਾ ਪਾਰਟੀ ਵਲੋਂ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕੱਲਿਆਂ ਹੀ 117 ਸੀਟਾਂ ’ਤੇ ਲੜਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਭਾਰਤੀ ਜਨਤਾ ਪਾਰਟੀ ਹਾਈਕਮਾਨ ਨੇ ਬਾਕੀ ਚੋਣ ਵਾਲੇ ਰਾਜਾਂ ਤੋਂ ਇਲਾਵਾ ਆਪਣੀਆਂ ਚੋਣ ਤਿਆਰੀਆਂ ਨੂੰ ਧਾਰ ਦਿੰਦੇ ਹੋਏ ਪੰਜਾਬ ’ਤੇ ਪਹਿਲਾਂ ਹੀ ਧਿਆਨ ਕੇਂਦਰਿਤ ਕਰ ਲਿਆ ਹੈ ਤੇ ਇਸ ਨੂੰ ਲੈ ਕੇ ਪੰਜਾਬ ਵਿਚ ਸੀਨੀਅਰ ਆਗੂਆਂ ਦੇ ਦੌਰੇ ਹੋ ਰਹੇ ਹਨ। ਨਰਿੰਦਰ ਮੋਦੀ ਦੀ 17 ਜੁਲਾਈ ਦੀ ਜਲੰਧਰ ਫੇਰੀ ਨੂੰ ਸਿਆਸੀ ਹਲਕਿਆਂ ਵਿਚ ਕਾਫ਼ੀ ਅਹਿਮ ਦੱਸਿਆ ਜਾ ਰਿਹਾ ਹੈ । ਪ੍ਰਧਾਨ ਮੰਤਰੀ ਮੋਦੀ ਆਪਣੀ ਜਲੰਧਰ ਫੇਰੀ ਦੌਰਾਨ ਜਲੰਧਰ ਕੈਂਟ ਦੇ ਨਵੇਂ ਬਣਾਏ ਗਏ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਇਲਾਵਾ ਹੋਰ ਵੀ ਕਰੋੜਾਂ ਦੇ 75 ਰੇਲਵੇ ਸਟਸ਼ੇਨਾਂ ਦੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ ਕਰਨਗੇ। ਉਂਜ ਕੇਂਦਰ ਦੇ ਕਰੋੜਾਂ ਰੁਪਏ ਦੇ ਫੰਡਾਂ ਨਾਲ ਲੰਬੇ ਸਮੇਂ ਬਾਅਦ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲ ਗਈ ਹੈ। ਮੋਦੀ ਇਸ ਤੋਂ ਪਹਿਲਾਂ ਪੰਜਾਬ ਵਿਚ 1 ਫਰਵਰੀ, 2026 ਨੂੰ ਡੇਰਾ ਸੱਚਖੰਡ ਬਲਾਂ ਵਿਚ ਆਏ ਸਨ ਤਾਂ ਉਨ੍ਹਾਂ ਦੀ ਇਸ ਸਾਲ ਵਿਚ ਦੂਜੀ ਫੇਰੀ ਹੈ । ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲੰਬੇ ਸਮੇਂ ਤੋਂ ਪੰਜਾਬ ਵਿਚ ਕਾਫ਼ੀ ਸਰਗਰਮ ਹਨ ਤੇ ਉਨ੍ਹਾਂ ਦੇ ਲਗਾਤਾਰ ਪੰਜਾਬ ਦੌਰਿਆਂ ਨਾਲ ਵੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਮਜ਼ਬੂਤ ਹੋਇਆ ਹੈ । ਉਨ੍ਹਾਂ ਵਲੋਂ ਹਰਿਆਣਾ ਵਿਚ ਫ਼ਸਲਾਂ ’ਤੇ ਦਿੱਤੀ ਜਾ ਰਹੀ ਐਮ. ਐਸ. ਪੀ. ਤੋਂ ਇਲਾਵਾ ਹੋਰ ਵੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਪੰਜਾਬ ਵਿਚ ਕਾਫ਼ੀ ਪ੍ਰਚਾਰ ਕੀਤਾ ਗਿਆ ਹੈ ਤੇ ਇਸ ਨਾਲ ਪੰਜਾਬੀਆਂ ਵਿਚ ਭਾਰਤੀ ਜਨਤਾ ਪਾਰਟੀ ਇਹ ਸੰਦੇਸ਼ ਦੇਣ ਵਿਚ ਸਫਲ ਰਹੇ ਹਨ ਕਿ ਜੇਕਰ ਪੰਜਾਬ ਵਿਚ ਡਬਲ ਇੰਜਣ ਦੀ ਸਰਕਾਰ ਬਣਦੀ ਹੈ ਤਾਂ ਹਰਿਆਣਾ ਦੀ ਤਰ੍ਹਾਂ ਪੰਜਾਬ ਵਿਚ ਵਿਕਾਸ ਵਿਚ ਤੇਜ਼ੀ ਲਿਆਂਦੀ ਜਾਵੇਗੀ, ਸਗੋਂ ਕਾਨੂੰਨ ਵਿਵਸਥਾ ਹੋਰ ਵੀ ਮਜ਼ਬੂਤ ਕੀਤੀ ਜਾਵੇਗੀ। ਸਿਆਸੀ ਹਲਕਿਆਂ ਵਿਚ ਵੀ ਇਸ ਦੀ ਕਾਫ਼ੀ ਚਰਚਾ ਹੈ ਕਿ ਬਾਕੀ ਰਾਜਾਂ ਦੀ ਤਰ੍ਹਾਂ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਏਜੰਡੇ ’ਤੇ ਹੈ ਅਤੇ ਮਿਸ਼ਨ ਪੰਜਾਬ ਨੂੰ ਸਫਲ ਕਰਨ ਲਈ ਭਾਰਤੀ ਜਨਤਾ ਪਾਰਟੀ ਕੋਈ ਕਸਰ ਨਹੀਂ ਰਹਿਣ ਦੇਵੇਗੀ।
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨਾਲ ਭਾਜਪਾ ਨੂੰ ਮਿਸ਼ਨ -2027 ਦੇ ਪੂਰਾ ਹੋਣ ਦੀ ਆਸ
ਅਜੀਤ ਡੈਸਕ
13-07-2026