ਨਵੀਂ ਦਿੱਲੀ, 23 ਜੁਲਾਈ (ਪੀ. ਟੀ.ਆਈ.)- ਸੋਨਮ ਵਾਂਗਚੁਕ ਨੇ ਅੱਜ ਦੇਰ ਰਾਤ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਕੇਂਦਰੀ ਮੰਤਰੀਆਂ ਜੇ.ਪੀ. ਨੱਢਾ ਅਤੇ ਜਤਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਦੇਰ ਰਾਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਜੂਸ ਪੀ ਕੇ ਆਪਣੀ ਭੁੱਖ ਹਡ਼ਤਾਲ ਖਤਮ ਕੀਤੀ। ਉਨ੍ਹਾਂ ਨੂੰ 21 ਜੁਲਾਈ ਨੂੰ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਸੀ। ਹਸਪਤਾਲ ਤੋਂ ਇਕ ਵੀਡੀਓ ਵਿਚ ਦੋਵੇਂ ਮੰਤਰੀ ਉਨ੍ਹਾਂ ਨੂੰ ਕੱਪ ’ਚੋਂ ਪਹਿਲਾ ਘੁੱਟ ਲੈਣ ਵਿਚ ਮਦਦ ਕਰਦੇ ਦਿਖਾਈ ਦੇ ਰਹੇ ਸਨ। ਰਿਪੋਰਟਾਂ ਅਨੁਸਾਰ, ਦੋਵਾਂ ਕੇਂਦਰੀ ਮੰਤਰੀਆਂ ਨੇ ਵਾਂਗਚੁਕ ਨੂੰ ਮਿਲਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਸਲਾਹ-ਮਸ਼ਵਰਾ ਕੀਤਾ ਸੀ। ਦੱਸਣਯੋਗ ਹੈ ਕਿ ਵਾਂਗਚੁਕ ਨੇ 28 ਜੂਨ ਨੂੰ ਸਿੱਖਿਆ ਪ੍ਰਣਾਲੀ ਵਿਚ ਸੁਧਾਰਾਂ ਅਤੇ ਨੀਟ ਪੇਪਰ ਲੀਕ ਮਾਮਲੇ ‘ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਸ਼ੁੱਕਰਵਾਰ ਨੂੰ ਨੀਟ ਪੇਪਰ ਲੀਕ ਖਿਲਾਫ਼ ਕਾਕਰੋਚ ਜਨਤਾ ਪਾਰਟੀ ਦੁਆਰਾ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦਾ 35ਵਾਂ ਦਿਨ ਹੈ। ਪ੍ਰਦਰਸ਼ਨਕਾਰੀ ਜਵਾਬਦੇਹੀ ਅਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਸੀ.ਜੇ.ਪੀ. ਨੇ ਅੱਜ ਦੇਸ਼ ਭਰ ਵਿਚ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।
ਸੋਨਮ ਵਾਂਗਚੁਕ ਵਲੋਂ ਭੁੱਖ ਹੜਤਾਲ ਖ਼ਤਮ
ਅਜੀਤ ਡੈਸਕ
24-07-2026