ਰਿਜਿਜੂ ਨੇ ਵਿਰੋਧੀ ਪਾਰਟੀਆਂ ’ਤੇ ਨੀਟ ਪੇਪਰ ਲੀਕ ਮੁੱਦੇ ’ਤੇ ਬਹਿਸ ਤੋਂ ਭੱਜਣ ਦਾ ਲਗਾਇਆ ਦੋਸ਼
ਨਵੀਂ ਦਿੱਲੀ, 23 ਜੁਲਾਈ (ਪੀ.ਟੀ.ਆਈ.)-ਨੀਟ ਪੇਪਰ ਲੀਕ ਮਾਮਲੇ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ’ਤੇ ਵਿਰੋਧੀ ਧਿਰਾਂ ਵਲੋਂ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਸੰਸਦ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਲੋਕ ਸਭਾ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਪਾਰਟੀਆਂ ’ਤੇ ਨੀਟ ਪੇਪਰ ਲੀਕ ਮੁੱਦੇ ’ਤੇ ਬਹਿਸ ਤੋਂ ਭੱਜਣ ਅਤੇ ਪਹਿਲਾਂ ਤੋਂ ਹੀ ਸ਼ਰਤਾਂ ਰੱਖਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਸਦ ’ਚ ਚਰਚਾ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਵਿਰੋਧੀ ਆਗੂਆਂ ਨੂੰ ਪੇਪਰ ਲੀਕ ਮਾਮਲੇ ’ਚ ਸਿਆਸਤ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੰਸਦ ’ਚ ਮਿਲ ਕੇ ਸਾਨੂੰ ਸਾਰਿਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਹੰਗਾਮਾ ਕਰਕੇ ਚਰਚਾ ਤੋਂ ਭੱਜਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਸਦਨ ਚੱਲਣ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਦਨ ਦੇ ਕੰਮਕਾਜ ਦਾ ਇਕ ਮਹੱਤਵਪੂਰਨ ਹਿੱਸਾ ਹੈ। ਪ੍ਰਸ਼ਨ ਕਾਲ ਦੇ ਬਾਅਦ ਸਦਨ ਹਰ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹੈ। ਪਰ ਆਪਣੀ ਮੰਗ ’ਤੇ ਅੜ੍ਹੇ ਵਿਰੋਧੀਆਂ ਵਲੋਂ ਹੰਗਾਮਾ ਜਾਰੀ ਰੱਖਣ ਕਾਰਨ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਉਧਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਸੰਬੋਧਨ ਕਰਦਿਆਂ ਇਕ ਕਵਿਤਾ ਦੀਆਂ ਸਤਰਾਂ ਪੜ੍ਹਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਦੇਸ਼ ਹਿੱਤ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਖੜਗੇ ਨੇ ਕਿਹਾ ਕਿ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਕਈ ਵਿਦਿਆਰਥੀ ਹਸਪਤਾਲ ’ਚ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਖਿਆ ਮੰਤਰੀ ਪ੍ਰਧਾਨ ਅਸਤੀਫ਼ਾ ਨਹੀਂ ਦਿੰਦੇ, ਚਰਚਾ ਸ਼ੁਰੂ ਨਹੀਂ ਹੋਵੇਗੀ। ਖੜਗੇ ਦੇ ਜਵਾਬ ’ਚ ਉਪਰਲੇ ਸਦਨ ਦੇ ਨੇਤਾ ਜੇ.ਪੀ.ਨੱਢਾ ਨੇ ਕਿਹਾ ਕਿ ਵਿਰੋਧੀਆਂ ਦਾ ਵਿਵਹਾਰ ਬਹੁਤ ਗੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਨਾ ਤਾਂ ਕੋਈ ਚਰਚਾ ਕਰਨੀ ਚਾਹੁੰਦੇ ਹਨ ਅਤੇ ਨਾ ਹੀ ਸਦਨ ਨੂੰ ਚੱਲਣ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੀਟ ਅਤੇ ਬਾਕੀ ਸਾਰੇ ਮੁੱਦਿਆਂ ’ਤੇ ਚਰਚਾ ਕਰਨ ਲਈ ਤਿਆਰ ਹੈ।
ਅਮਿਤ ਸ਼ਾਹ ਤੇ ਰਾਹੁਲ ਗਾਂਧੀ ਵਲੋਂ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ
ਲਗਾਤਾਰ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਹੋਣ ਦੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਸਮੇਤ ਵਿਰੋਧੀ ਪਰਟੀਆਂ ਦੇ ਹੋਰ ਆਗੂਆਂ ਨੇ ਸਪੀਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਟੀ.ਐਮ.ਸੀ ਦੇ ਸੌਗਤ ਰਾਏ ਅਤੇ ਮਹੂਆ ਮੋਇਤਰਾ ਵੀ ਹਾਜ਼ਰ ਸਨ। ਪ੍ਰਸ਼ਨ ਕਾਲ ਦੌਰਾਨ ਸਪੀਕਰ ਬਿਰਲਾ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਨੀਟ ਪੇਪਰ ਲੀਕ ਮੁੱਦੇ ’ਤੇ ਚਰਚਾ ਦੀ ਮਿਆਦ ਅਤੇ ਮਿਤੀ ਦਾ ਫ਼ੈਸਲਾ ਕਰਨ ਲਈ ਉਨ੍ਹਾਂ ਨੂੰ ਮਿਲਣ ਲਈ ਕਿਹਾ ਸੀ।
ਕਾਂਗਰਸੀ ਸੰਸਦ ਮੈਂਬਰ ਵਲੋਂ ਲੋਕ ਸਭਾ ’ਚ ਵਿਸ਼ੇਸ਼ ਅਧਿਕਾਰ ਨੋਟਿਸ
ਕਾਂਗਰਸੀ ਸੰਸਦ ਮੈਂਬਰ ਹਿਬੀ ਈਡਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੀਆਂ ਮਹਿਲਾ ਸੰਸਦ ਮੈਂਬਰਾਂ ਦੇ ‘ਸੰਸਦੀ ਅਧਿਕਾਰਾਂ ਅਤੇ ਛੋਟਾਂ ਦੀ ਉਲੰਘਣਾ’ ਦਾ ਦੋਸ਼ ਲਗਾਉਂਦੇ ਹੋਏ, ਵਿਸ਼ੇਸ਼ ਅਧਿਕਾਰ ਮਤਾ ਲਿਆਉਣ ਲਈ ਲੋਕ ਸਭਾ ਵਿਚ ਇਕ ਨੋਟਿਸ ਸੌਂਪਿਆ। ਲੋਕ ਸਭਾ ਦੇ ਜਨਰਲ ਸਕੱਤਰ ਨੂੰ ਆਪਣੇ ਪੱਤਰ ’ਚ ਈਡਨ ਨੇ ਕਿਹਾ ਕਿ ਪ੍ਰਦਰਸ਼ਨ ਸ਼ਾਂਤਮਈ ਹੋਣ ਦੇ ਬਾਵਜੂਦ, ਪੁਲਿਸ ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ, ਖਾਸ ਕਰਕੇ ਰਾਹੁਲ ਗਾਂਧੀ ਨਾਲ ਬੇਰਹਿਮੀ ਨਾਲ ਹੱਥੋਪਾਈ ਕੀਤੀ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੀਆਂ ਮਹਿਲਾ ਸੰਸਦ ਮੈਂਬਰਾਂ ਦੇ ਸੰਸਦੀ ਅਧਿਕਾਰਾਂ ਅਤੇ ਛੋਟਾਂ ਦੀ ਉਲੰਘਣਾ ਦੇ ਸੰਬੰਧ ਵਿੱਚ ਵਿਸ਼ੇਸ਼ ਅਧਿਕਾਰ ਮਤੇ ਲਈ ਨੋਟਿਸ ਦਿੰਦਾ ਹਾਂ।
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ’ਤੇ ਅੜੀ ਵਿਰੋਧੀ ਧਿਰ, ਨਹੀਂ ਚੱਲੀ ਸੰਸਦ
ਅਜੀਤ ਡੈਸਕ
24-07-2026