28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਕਬੂਜ਼ਾ ਕਸ਼ਮੀਰ ਦੇ ਰਾਵਲਾਕੋਟ ’ਚ ਹਾਲਾਤ ਹੋਏ ਬੇਕਾਬੂ

Ad Position 21
No active advertisement
ਅਜੀਤ ਡੈਸਕ 29-07-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 28 ਜੁਲਾਈ-ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ’ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਯੁੱਧ ਵਰਗੀ ਸਥਿਤੀ ਬਣ ਚੁਕੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਰਾਵਲਾਕੋਟ ’ਚ ਪ੍ਰਦਰਸ਼ਨਾਂ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਹੁਣ ਤੱਕ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਰਜਨਾਂ ਹੋਰ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸਾਂਝੀ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਤੇ ਪ੍ਰਸ਼ਾਸਨ ਵਿਚਕਾਰ ਗੱਲਬਾਤ ਅਸਫਲ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਮੁਜ਼ੱਫਰਾਬਾਦ ਵੱਲ ਮਾਰਚ ਕਰ ਰਹੇ ਸਨ। ਪ੍ਰਦਰਸ਼ਨਕਾਰੀ ਪਿਛਲੇ 52 ਦਿਨਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਰਿਹਾਈ, ਪ੍ਰਦਰਸ਼ਨਕਾਰੀਆਂ ਵਿਰੁੱਧ ਕੇਸ ਵਾਪਸ ਲੈਣ ਤੇ ਆਪਣੀਆਂ ਹੋਰ ਮੰਗਾਂ ਲਾਗੂ ਕਰਨ ਦੀ ਮੰਗ ਕਰਦੇ ਹੋਏ ਪੀ. ਓ. ਕੇ. ’ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ‘ਚ 68 ਲੋਕ ਮਾਰੇ ਜਾ ਚੁਕੇ ਹਨ। ਦੱਸਿਆ ਜਾ ਰਿਹਾ ਹੈ ਕਿ ਰੇਂਜਰਾਂ ਵਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਪੀ. ਓ. ਕੇ. ਦੇ ਉੱਚ ਸਿਵਲੀਅਨ ਨੇਤਾ ਦਾ ਭਰਾ ਉਸਮਾਨ ਨਜ਼ੀਰ ਤੇ ਜੇ. ਏ. ਏ. ਸੀ. ਕੋਰ ਕਮੇਟੀ ਦਾ ਮੈਂਬਰ ਤੇ ਮੁੱਖ ਬੁਲਾਰਾ ਉਮਰ ਨਜ਼ੀਰ ਕਸ਼ਮੀਰੀ ਮਾਰੇ ਗਏ ਹਨ, ਜਿਸ ਨਾਲ ਖੇਤਰ ’ਚ ਹਾਲਾਤ ਹੋਰ ਵਿਗੜ ਸਕਦੇ ਹਨ। ਜੇ.ਏ.ਏ.ਸੀ. ਵਲੋਂ ਇਸ ਨੂੰ ਲੈ ਕੇ ਵਿਸ਼ਾਲ ਇਕੱਠ ਵੀ ਕੀਤਾ ਗਿਆ। ਰਿਪੋਰਟਾਂ ਅਨੁਸਾਰ ਜੇ. ਏ. ਏ. ਸੀ. ਨੇ ਪ੍ਰਸ਼ਾਸਨ ਨੂੰ ਲੰਘੇ ਦਿਨ 27 ਜੁਲਾਈ ਨੂੰ ਦੁਪਹਿਰ 1 ਵਜੇ ਤੱਕ ਆਪਣੀਆਂ ਮੰਗਾਂ ਮੰਨਣ ਤੇ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਕਿਹਾ ਸੀ। ਕਮੇਟੀ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਹਜ਼ਾਰਾਂ ਲੋਕ ਰਾਵਲਾਕੋਟ ਤੋਂ ਮੁਜ਼ੱਫਰਾਬਾਦ ਤੱਕ ਮਾਰਚ ਕਰਨਗੇ। ਤੈਅ ਸਮੇਂ ਤੱਕ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਸੜਕਾਂ ’ਤੇ ਉਤਰ ਆਏ ਤੇ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਵਲਾਕੋਟ ‘ਚ ਸਥਿਤੀ ਵਿਗੜ ਗਈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਵਲੋਂ ਪ੍ਰਦਰਸ਼ਨਕਾਰੀਆਂ ਵਿਰੁੱਧ ਪੂਰੀ ਤਾਕਤ ਦੀ ਵਰਤੋਂ ਕੀਤੀ ਗਈ ਤੇ ਪ੍ਰਦਰਸ਼ਨਕਾਰੀਆਂ ਦੇ ਟੈਕਸ ਦੇ ਪੈਸੇ ਨਾਲ ਖ਼ਰੀਦੀਆਂ ਗਈਆਂ ਗੋਲੀਆਂ ਉਨ੍ਹਾਂ ਵਿਰੁੱਧ ਵਰਤੀਆਂ ਗਈਆਂ। ਮੌਕੇ ’ਤੇ ਐਂਬੂਲੈਂਸਾਂ ਤੇ ਹੋਰ ਵਾਹਨਾਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਆਪਣੇ ਜ਼ਖਮੀ ਸਾਥੀਆਂ ਨੂੰ ਖ਼ੁਦ ਹਸਪਤਾਲ ਲਿਜਾਣਾ ਪਿਆ। ਉਨ੍ਹਾਂ ਅਨੁਸਾਰ ਸੰਬੰਧਿਤ ਖੇਤਰ ਦੀਆਂ ਗਲੀਆਂ ਪ੍ਰਦਰਸ਼ਨਕਾਰੀਆਂ ਦੇ ਖੂਨ ਨਾਲ ਭਰੀਆਂ ਹੋਈਆਂ ਹਨ। ਰਿਪੋਰਟਾਂ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਪੀ. ਓ. ਕੇ. ਦੇ ਮੀਰਪੁਰ ਡਵੀਜ਼ਨ ’ਚ 13 ਸੀਟਾਂ ਲਈ ਵੋਟਿੰਗ ਦਾ ਪਹਿਲਾ ਪੜਾਅ ਚੱਲ ਰਿਹਾ ਸੀ। ਕੋਟਲੀ ਤੋਂ ਹਿੰਸਾ ਤੇ ਚੋਣ ਧਾਂਦਲੀ ਦੇ ਦੋਸ਼ ਵੀ ਸਾਹਮਣੇ ਆਏ। ਸੁਧਾਨੋਟੀ ਤੇ ਰਾਵਲਾਕੋਟ ਜ਼ਿਲ੍ਹਿਆਂ ’ਚ ਵਿਧਾਨ ਸਭਾ ਚੋਣਾਂ 10 ਅਗਸਤ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਪਾਕਿ ਦੇ ਫ਼ੌਜੀ ਅਧਿਕਾਰੀਆਂ ਨੇ ਅੱਜ ਦੋਸ਼ ਲਗਾਇਆ ਕਿ ਜੇ. ਏ. ਏ. ਸੀ. ਦੇ ਹਥਿਆਰਬੰਦ ਮੈਂਬਰਾਂ ਨੇ ਰਾਵਲਾਕੋਟ ’ਚ ਮਾਰਚ ਦੌਰਾਨ ਸੁਰੱਖਿਆ ਕਰਮਚਾਰੀਆਂ ’ਤੇ ਹਮਲਾ ਕੀਤਾ, ਜਿਸ ’ਚ ਇਕ ਰੇਂਜਰ ਸਿਪਾਹੀ ਅਲੀ ਰਜ਼ਾ ਮਾਰਿਆ ਗਿਆ ਤੇ ਘੱਟੋ-ਘੱਟ ਤਿੰਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਪੁੰਛ ਖੇਤਰ ਦੇ ਡੀ. ਆਈ. ਜੀ. ਪੁਲਿਸ ਦੇ ਬੁਲਾਰੇ ਦੇ ਅਨੁਸਾਰ ਉਕਤ ਸੰਗਠਨ ਦੇ ਮੈਂਬਰਾਂ ਨੇ ਬੀਤੀ ਸ਼ਾਮ ਨੂੰ ਰਾਵਲਾਕੋਟ ਸ਼ਹਿਰ ‘ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਕਰਮਚਾਰੀਆਂ ’ਤੇ ਜੇ. ਏ. ਏ. ਸੀ. ਦੇ ਹਥਿਆਰਬੰਦ ਮੈਂਬਰਾਂ ਨੇ ਗੋਲੀਬਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਰਾਵਲਾਕੋਟ ਦੇ ਬਾਹਰਵਾਰ ਇਕ ਸੁਰੱਖਿਆ ਚੌਕੀ ‘ਤੇ ਹਮਲਾ ਕੀਤਾ। ਹਿੰਸਾ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਕ ਰੇਂਜਰ ਵਾਹਨ ਅਤੇ ਇਕ ਪੁਲਿਸ ਵਾਹਨ ਨੂੰ ਅੱਗ ਲਗਾ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਸੀ.ਜੇ.ਪੀ. ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ ਅਗਲੀ ਖ਼ਬਰ ਸ਼ਰਮੀਲਾ ਨੇ ਸੋਨ, ਹਰਜਿੰਦਰ ਕੌਰ, ਗੁਲਵੀਰ ਸਿੰਘ, ਸਰਵੇਸ਼ ਤੇ ਅਜੇ ਬਾਬੂ ਨੇ ਜਿੱਤੇ ਚਾਂਦੀ ਦੇ ਤਗਮੇ
Ad Position 24